ਲਾਹੌਰ (ਪੀਟੀਆਈ) : ਲਹਿੰਦੇ ਪੰਜਾਬ ਵਿਚ ਐਤਵਾਰ ਨੂੰ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿਚ ਚਾਰ ਆਈਐੱਸ ਅੱਤਵਾਦੀ ਢੇਰ ਕਰ ਦਿੱਤੇ ਗਏ। ਇਨ੍ਹਾਂ ਅੱਤਵਾਦੀਆਂ ਨੂੰ ਆਈਐੱਸ ਦੇ ਚੋਟੀ ਦੇ ਆਗੂਆਂ ਨੇ ਆਦੇਸ਼ ਦਿੱਤੇ ਸਨ ਕਿ ਉਹ ਬਹਾਵਲਪੁਰ (ਜੋਕਿ ਲਾਹੌਰ ਤੋਂ 400 ਕਿਲੋਮੀਟਰ ਦੂਰ ਹੈ) ਵਿਖੇ ਘੱਟ ਗਿਣਤੀ ਸ਼ੀਆ ਫਿਰਕੇ ਦੇ ਲੋਕਾਂ 'ਤੇ ਹਮਲੇ ਕਰਨ ਤਾਂਕਿ ਦੇਸ਼ ਵਿਚ ਗੜਬੜੀ ਪੈਦਾ ਕੀਤੀ ਜਾ ਸਕੇ।

ਲਹਿੰਦੇ ਪੰਜਾਬ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਖ਼ੁਫ਼ੀਆ ਰਿਪੋਰਟਾਂ ਮਿਲਣ 'ਤੇ ਇਹ ਕਾਰਵਾਈ ਕੀਤੀ। ਖ਼ੁਫ਼ੀਆਂ ਰਿਪੋਰਟਾਂ ਮਿਲੀਆਂ ਸਨ ਕਿ ਸੱਤ ਆਈਐੱਸ ਅੱਤਵਾਦੀ ਆਜ਼ਮ ਚੌਕ ਬਹਾਵਲਪੁਰ ਨੇੜੇ ਜ਼ਖੀਰਾ ਜੰਗਲ ਵਿਚ ਹਥਿਆਰਾਂ ਸਣੇ ਲੁਕੇ ਹੋਏ ਹਨ। ਸੁਰੱਖਿਆ ਦਸਤਿਆਂ ਨੇ ਇਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਅੱਤਵਾਦੀਆਂ ਦੀ ਛੁਪਣਗਾਹ 'ਤੇ ਹਮਲਾ ਕਰ ਕੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਜਦਕਿ ਤਿੰਨ ਹੋਰ ਫ਼ਰਾਰ ਹੋਣ 'ਚ ਸਫਲ ਹੋ ਗਏ। ਮਿ੍ਰਤਕਾਂ ਦੀ ਪਛਾਣ ਅਮਾਨ ਉੱਲਾ. ਅਬਦੁੱਲ ਜਾਬਰ, ਰਹਿਮਾਨ ਅਲੀ ਅਤੇ ਅਲੀਮ ਵਜੋਂ ਹੋਈ ਹੈ।