ਪੀਟੀਆਈ, ਇਸਲਾਮਾਬਾਦ : ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਸੈਨਿਕ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਖ਼ਿਲਾਫ਼ ਚੱਲ ਰਹੇ ਰਾਜ ਧ੍ਰੋਹ ਦੇ ਮਾਮਲਿਆਂ ਵਿਚ ਫ਼ੈਸਲੇ ਨੂੰ ਸੁਰੱਖਿਅਤ ਰੱਖ ਲਿਆ ਹੈ। ਅਦਾਲਤ 28 ਨਵੰਬਰ ਨੂੰ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਏਗੀ। ਪਾਕਿਸਤਾਨ ਦੀ ਪੀਐਮਐਲ ਐਨ ਸਰਕਾਰ ਨੇ 76 ਸਾਲਾ ਸਾਬਕਾ ਸੈਨਾ ਮੁਖੀ ਖ਼ਿਲਾਫ਼ 2013 ਵਿਚ ਇਹ ਮਾਮਲਾ ਦਰਜ ਕੀਤਾ ਸੀ। ਮੁਸ਼ਰੱਫ਼ 'ਤੇ ਨਵੰਬਰ 2007 ਵਿਚ ਵਾਧੂ ਸੰਵਿਧਾਨਿਕ ਐਮਰਜੈਂਸੀ ਲਾਗੂ ਕਰਨ ਦੇ ਦੋਸ਼ ਹਨ।

ਜਸਟਿਸ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਟ੍ਰਿਬਊਨਲ ਨੇ ਇਸ ਮਾਮਲੇ ਵਿਚ ਸੁਣਵਾਈ ਕੀਤੀ। ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਣ ਦੌਰਾਨ ਮੁਸ਼ਰੱਫ ਦੇ ਵਕੀਲ ਨੂੰ 26 ਨਵੰਬਰ ਤਕ ਅਤਿੰਮ ਦਲੀਲਾਂ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ। ਪਾਕਿਸਤਾਲੀ ਅਖ਼ਬਾਰ ਡਾਨ ਨੇ ਆਪਣੀ ਰਿਪੋਰਟਾਂ ਵਿਚ ਕਿਹਾ ਕਿ ਜੇ ਮੁਸ਼ੱਰਫ਼ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਪਾਕਿਸਤਾਨ ਨੇ ਇਤਿਹਾਸ ਵਿਚ ਮੁਸ਼ਰੱਫ਼ ਪਹਿਲੇ ਸੈਨਾ ਮੁਖੀ ਹਨ ਜਿਨ੍ਹਾਂ 'ਤੇ 31 ਮਾਰਚ 2014 ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿਚ ਦੋਸ਼ ਤੈਅ ਹੋਏ ਸਨ।

Posted By: Tejinder Thind