ਇਸਲਾਮਾਬਾਦ : ਪਾਕਿਸਤਾਨ ਦੇ ਇਕ ਸਾਬਕਾ ਕੂਟਨੀਤਕ ਦੀ ਬੇਟੀ ਦੀ ਇਸਲਾਮਾਬਾਦ ’ਚ ਹੱਤਿਆ ਕਰ ਦਿੱਤੀ ਗਈ। ਇਸਲਾਮਾਬਾਦ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਦੀ ਬੇਟੀ ਨੂੰ ਅਗਵਾ ਕਰ ਕੇ ਤਸੀਹੇ ਦੇਣ ਨੂੰ ਲੈ ਕੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਪੈਦਾ ਹੋਏ ਵੱਡੇ ਕੂਟਨੀਤਕ ਵਿਵਾਦ ਮਗਰੋਂ ਦੂਜੀ ਵੱਡੀ ਘਟਨਾ ਹੋਈ ਹੈ।

ਪਾਕਿਸਤਾਨੀ ਅਖ਼ਬਾਰ ਡੌਨ ’ਚ ਛਪੀ ਰਿਪੋਰਟ ਦੇ ਮੁਤਾਬਕ, ਸ਼ੌਕਤ ਮੁਕਾਦਮ ਦੀ 27 ਸਾਲਾ ਬੇਟੀ ਨੂਰ ਮੁਕਾਦਮ ਰਾਜਧਾਨੀ ਦੇ ਸੈਕਟਰ ਐੱਫ-7/4 ਇਲਾਕੇ ’ਚ ਮੰਗਲਵਾਰ ਨੂੰ ਮ੍ਰਿਤਕ ਪਾਈ ਗਈ। ਸ਼ੌਕਤ ਮੁਕਾਦਮ ਦੱਖਣੀ ਕੋਰੀਆ ਤੇ ਕਜ਼ਾਕਿਸਤਾਨ ’ਚ ਪਾਕਿਸਤਾਨ ਦੇ ਰਾਜਦੂਤ ਰਹਿ ਚੁੱਕੇ ਹਨ। ਪੁਲਿਸ ਦੇ ਮੁਤਾਬਕ, ਨੂਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਹੱਤਿਆ ਦੇ ਸਿਲਸਿਲੇ ’ਚ ਨੂਰ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮਾ ਟੀਵੀ ਨੇ ਇਸਲਾਮਾਬਾਦ ਪੁਲਿਸ ਦੇ ਹਵਾਲੇ ਤੋਂ ਕਿਹਾ ਹੈ, ‘ਜ਼ਾਹਿਰ ਜ਼ਫਰ ਨਾਂ ਦਾ ਇਕ ਵਿਅਕਤੀ ਹੱਤਿਆ ’ਚ ਸ਼ਾਮਲ ਸੀ। ਉਸਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਗਿਆ।’

ਇਹ ਹੱਤਿਆ ਪਾਕਿਸਤਾਨ ’ਚ ਕੂਟਨੀਤਕ ਮਿਸ਼ਨ ਤੇ ਇਸ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਮਚੇ ਘਮਸਾਨ ’ਚ ਹੋਈ ਹੈ। 16 ਜੁਲਾਈ ਨੂੰ ਪਾਕਿਸਤਾਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਨਜ਼ੀਬੁੱਲਾ ਅਲੀਖਿਲ ਦੀ 26 ਸਾਲਾ ਬੇਟੀ ਸਿਲਸਿਲਾ ਅਲੀਖਿਲ ਨੂੰ ਇਸਲਾਮਾਬਾਦ ’ਚ ਅਗਵਾ ਕਰ ਕੇ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਗਿਆ। ਪਿਛਲੇ ਹਫ਼ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਇਕ ਬਿਆਨ ਜਾਰੀ ਕਰ ਕੇ ਇਸ ਘਟਨਾ ’ਤੇ ਵਿਰੋਧ ਦਰਜ ਕਰਾਇਆ ਸੀ।

Posted By: Tejinder Thind