ਕਰਾਚੀ, ਪੀਟੀਆਈ : ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂਆਂ ਉੱਤੇ ਮੁਸਲਮਾਨਾਂ ਦਾ ਜ਼ੁਲਮ ਬੇਰੋਕ ਜਾਰੀ ਹੈ। ਦੱਖਣੀ ਸਿੰਘ ਸੂਬੇ ਦੀ ਇੱਕ ਵਿਆਹੁਤਾ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਅਤੇ ਇਸਲਾਮ ਕਬੂਲ ਕਰਨ ਦੀ ਧਮਕੀ ਦਿੱਤੀ ਗਈ। ਜਦੋਂ ਉਸ ਨੇ ਆਪਣਾ ਧਰਮ ਬਦਲਣ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਇੰਟਰਨੈੱਟ ਮੀਡੀਆ 'ਤੇ ਅਪਲੋਡ ਕੀਤੇ ਗਏ ਵੀਡੀਓ 'ਚ ਪੀੜਤ ਹਿੰਦੂ ਲੜਕੀ ਨੇ ਦੱਸਿਆ ਕਿ ਉਸ ਨਾਲ ਉਮਰਕੋਟ ਜ਼ਿਲ੍ਹੇ ਦੇ ਸਮਰਾਓ ਕਸਬੇ 'ਚ ਬਲਾਤਕਾਰ ਕੀਤਾ ਗਿਆ ਸੀ। ਪਰ ਪੁਲੀਸ ਨੇ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਰਿਪੋਰਟ ਨਹੀਂ ਲਿਖੀ ਹੈ।

ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕਰ ਸਕੀ

ਇਕ ਸਥਾਨਕ ਹਿੰਦੂ ਨੇਤਾ ਨੇ ਦੱਸਿਆ ਕਿ ਐਤਵਾਰ ਤੱਕ ਮੀਰਪੁਰਖਾਸ ਦੀ ਪੁਲਿਸ ਲੜਕੀ ਵਲੋਂ ਨਾਮਜ਼ਦ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕਰ ਸਕੀ। ਪੀੜਤ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰ ਥਾਣੇ ਦੇ ਬਾਹਰ ਰਿਪੋਰਟ ਦਰਜ ਕਰਵਾਉਣ ਦੀ ਉਡੀਕ ਕਰ ਰਹੇ ਹਨ। ਵਿਆਹੁਤਾ ਲੜਕੀ ਨੇ ਦੱਸਿਆ ਕਿ ਉਸ ਨੂੰ ਇਬਰਾਹੀਮ ਮੰਗਰੀਓ ਅਤੇ ਪੁੰਨੋ ਮੰਗਰੀਓ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ। ਪਹਿਲਾਂ ਤੋਂ ਵਿਆਹੀ ਹਿੰਦੂ ਲੜਕੀ ਨੇ ਵੀਡੀਓ ਵਿੱਚ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਧਮਕਾਇਆ ਗਿਆ ਅਤੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰ ਜਦੋਂ ਉਹ ਇਹ ਗੱਲ ਨਹੀਂ ਮੰਨੀ ਤਾਂ ਉਸ ਨਾਲ ਤਿੰਨ ਦਿਨ ਤੱਕ ਬਲਾਤਕਾਰ ਕੀਤਾ ਗਿਆ।

ਅਗਵਾਕਾਰਾਂ ਦੇ ਚੁੰਗਲ 'ਚੋਂ ਭੱਜਣ 'ਚ ਕਾਮਯਾਬ ਹੋਈ

ਪੀੜਤਾ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਅਗਵਾਕਾਰਾਂ ਦੇ ਚੁੰਗਲ 'ਚੋਂ ਨਿਕਲਣ 'ਚ ਕਾਮਯਾਬ ਹੋਈ। ਸਿੰਧ ਦੇ ਅੰਦਰੂਨੀ ਖੇਤਰਾਂ ਵਿੱਚ ਨੌਜਵਾਨ ਹਿੰਦੂ ਕੁੜੀਆਂ ਦਾ ਅਗਵਾ, ਧਰਮ ਪਰਿਵਰਤਨ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਸਿੰਧ ਦੇ ਥਾਰ, ਉਮਰਕੋਟ, ਮੀਰਪੁਰਖਾਸ, ਘੋਟਕੀ ਅਤੇ ਖੈਰਪੁਰ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਆਬਾਦੀ ਹੈ। ਪਿਛਲੇ ਸਾਲ ਜੂਨ ਵਿੱਚ ਕਰੀਨਾ ਕੁਮਾਰੀ ਨਾਮ ਦੀ ਇੱਕ ਹਿੰਦੂ ਕਿਸ਼ੋਰ ਨੇ ਪਾਕਿਸਤਾਨ ਦੀ ਇੱਕ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਇੱਕ ਮੁਸਲਮਾਨ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਹਿੰਦੂ ਕੁੜੀਆਂ ਦਾ ਜਬਰੀ ਧਰਮ ਪਰਿਵਰਤਨ ਰੁਕਣ ਦਾ ਨਾਂ ਨਹੀਂ ਲੈ ਰਿਹਾ

ਪਿਛਲੇ ਸਾਲ ਮਾਰਚ ਵਿੱਚ ਤਿੰਨ ਹਿੰਦੂ ਕੁੜੀਆਂ ਸਤਰਨ ਓਡ, ਕਵਿਤਾ ਭੀਲ ਅਤੇ ਅਨੀਤਾ ਭੀਲ ਨੂੰ ਅਗਵਾ ਕਰ ਲਿਆ ਗਿਆ ਸੀ, ਜਬਰੀ ਧਰਮ ਪਰਿਵਰਤਨ ਕਰਵਾ ਕੇ ਅੱਠ ਦਿਨਾਂ ਦੇ ਅੰਦਰ ਮੁਸਲਿਮ ਮਰਦਾਂ ਨਾਲ ਵਿਆਹ ਦਿੱਤਾ ਗਿਆ ਸੀ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਪਿਛਲੇ ਸਾਲ 21 ਮਾਰਚ ਨੂੰ ਪੂਜਾ ਕੁਮਾਰੀ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Posted By: Jagjit Singh