ਕਰਾਚੀ (ਏਐੱਨਆਈ) : ਪਾਕਿਸਤਾਨ ’ਚ ਹੜ੍ਹ ਦਾ ਪਾਣੀ ਘੱਟ ਹੋਣ ਤੋਂ ਬਾਅਦ ਹੁਣ ਲਾਗ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਹੜ੍ਹ ਪ੍ਰਭਾਵਿਤ ਸਿੰਧ ਸੂਬੇ ’ਚ ਬੀਤੇ 24 ਘੰਟਿਆਂ ’ਚ ਇਨ੍ਹਾਂ ਬਿਮਾਰੀਆਂ ਕਰਕੇ 9 ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਅਨੁਸਾਰ, ਪਾਕਿਸਤਾਨ ’ਚ ਹੜ੍ਹ ਪ੍ਰਭਾਵਿਤ ਸੂਬਿਆਂ ’ਚ ਮਲੇਰੀਆ, ਡੇਂਗੂ, ਡਾਇਰੀਆ ਤੇ ਚਮੜੀ ਸਬੰਧੀ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, 25 ਲੱਖ ਤੋਂ ਵੱਧ ਲੋਕ ਇਨ੍ਹਾਂ ਬਿਮਾਰੀਆਂ ਦੀ ਲਪੇਟ ’ਚ ਆਏ ਹਨ, ਜਦਕਿ ਸਿੰਧ ਸੂਬੇ ’ਚ ਲਾਗ ਦੀਆਂ ਬਿਮਾਰੀਆਂ ਨਾਲ ਚਾਰ ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋਈ ਹੈ।

ਦੱਸ ਦੇਈਏ ਕਿ ਪਾਕਿਸਤਾਨ ’ਚ ਬੀਤੀ ਇਕ ਜੁਲਾਈ ਤੋਂ ਹੁਣ ਤਕ ਮੀਂਹ ਤੇ ਹੜ੍ਹ ਨਾਲ 551 ਬੱਚਿਆਂ ਤੇ 318 ਔਰਤਾਂ ਸਮੇਤ 1559 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹੜ੍ਹ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ 30 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਸਿਹਤ ਵਿਭਾਗ ਅਨੁਸਾਰ, ਦੇਸ਼ ਦੀ ਵੱਡੀ ਆਬਾਦੀ ’ਤੇ ਲਾਗ ਦੀਆਂ ਬਿਮਾਰੀਆਂ ਦੇ ਬੱਦਲ ਛਾਏ ਹੋਏ ਹਨ। ਤੇਜ਼ੀ ਨਾਲ ਫੈਲ ਰਹੀਆਂ ਬਿਮਾਰੀਆਂ ਤੇ ਮੌਤ ਦੇ ਅੰਕੜਿਆਂ ਨੂੰ ਦੇਖਦੇ ਹੋਏ ਡਬਲਊਐੱਚਓ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।

Posted By: Shubham Kumar