ਪਿਸ਼ਾਵਰ (ਏਜੰਸੀ) : ਉੱਤਰ ਪੱਛਮੀ ਪਾਕਿਸਤਾਨ 'ਚ ਅੱਤਵਾਦ ਵਿਰੋਧੀ ਅਦਾਲਤ ਦੇ ਇਕ ਜੱਜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦੇ ਦੋਸ਼ 'ਚ ਪੰਜ ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਆਫਤਾਬ ਅਫਰੀਦੀ ਦੀ ਗੱਡੀ 'ਤੇ ਐਤਵਾਰ ਨੂੰ ਬੇਪਛਾਣ ਬੰਦੂਕਧਾਰੀਆਂ ਨੇ ਉਦੋਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਸਵਾਤ ਘਾਟੀ ਤੋਂ ਇਸਲਾਮਾਬਾਦ ਜਾ ਰਹੇ ਸਨ। ਇਸ ਹਮਲੇ 'ਚ ਅਫਰੀਦੀ, ਉਨ੍ਹਾਂ ਦੀ ਪਤਨੀ, ਨੂੰਹ ਤੇ ਦੋ ਸਾਲ ਦੇ ਪੋਤੇ ਦੀ ਮੌਤ ਹੋ ਗਈ। ਜੱਜ ਦੇ ਕਾਫ਼ਲੇ 'ਚ ਸ਼ਾਮਲ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ ਸਨ। ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਮੁਹੰਮਦ ਸ਼ੁਏਬ ਨੇ ਸੋਮਵਾਰ ਨੂੰ ਦੱਸਿਆ ਕਿ ਸਾਂਝੀ ਮੁਹਿੰਮ ਟੀਮ ਨੇ ਪਿਸ਼ਾਵਰ ਤੇ ਖੈਬਰ ਇਲਾਕਿਆਂ 'ਚ ਇਕ ਮੁਹਿੰਮ ਚਲਾਈ ਤੇ ਪੰਜ ਸ਼ੱਕੀਆਂ ਨੂੰ ਫੜਿਆ ਤੇ ਦੋ ਗੱਡੀਆਂ ਜ਼ਬਤ ਕਰ ਲਈਆਂ। ਡੀਪੀਓ ਨੇ ਕਿਹਾ ਕਿ ਮਰਹੂਮ ਜੱਜ ਦੇ ਪੁੱਤਰ ਮਾਜਿਦ ਅਫਰੀਦੀ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ 'ਚ 10 ਸ਼ੱਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ 'ਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੇ ਪ੍ਰਧਾਨ ਅਬਦੁਲ ਲਤੀਫ਼ ਅਫਰੀਦੀ ਵੀ ਸ਼ਾਮਲ ਹਨ। ਅਫਰੀਦੀ ਨੇ ਇਕ ਬਿਆਨ 'ਚ ਜੱਜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਉਨ੍ਹਾਂ ਹੱਤਿਆ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।