ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਸੂਬਾਈ ਵਿਧਾਨ ਸਭਾ ਦੀ ਮੈਂਬਰ ਆਬਿਦਾ ਰਜ਼ਾ ਦੇ ਪਤੀ ਤੇ ਇਕ ਸੈਸ਼ਨ ਜੱਜ ਵਿਚਕਾਰ ਇਸਲਾਮਾਬਾਦ ਦੇ ਰੈੱਡ ਜ਼ੋਨ 'ਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਹੋਈ ਇਸ ਘਟਨਾ 'ਚ ਜੱਜ ਤਾਰਿਕ ਜਹਾਂਗੀਰ ਵੱਲੋਂ ਕਥਿਤ ਤੌਰ 'ਤੇ ਦੂਜੇ ਪੱਖ 'ਤੇ ਫਾਇਰਿੰਗ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਆਬਿਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਤੋਂ ਵਿਧਾਇਕ ਹੈ।

ਸਥਾਨਕ ਮੀਡੀਆ 'ਦੁਨੀਆ ਨਿਊਜ਼' ਨੂੰ ਮਿਲੇ ਸੀਸੀਟੀਵੀ ਫੁਟੇਜ ਮੁਤਾਬਕ ਇਹ ਘਟਨਾ ਇਸਲਾਮਾਬਾਦ ਦੇ ਰੈੱਡ ਜ਼ੋਨ 'ਚ ਵਿਦੇਸ਼ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਸਥਿਤ ਪੈਟਰੋਲ ਪੰਪ 'ਤੇ ਹੋਈ। ਫੁਟੇਜ 'ਚ ਦਿਖਾਈ ਦਿੰਦਾ ਹੈ ਕਿ ਇਕ ਵਿਅਕਤੀ ਪੈਟਰੋਲ ਪੰਪ 'ਤੇ ਲੈਂਡ ਕਰੂਜ਼ਰ ਨਾਲ ਆਉਂਦਾ ਹੈ ਅਤੇ ਪੈਟਰੋਲ ਪੁਆਉਣ ਆਈ ਦੂਜੀ ਕਾਰ 'ਚ ਬੈਠੇ ਵਿਅਕਤੀ 'ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰ ਦਿੰਦਾ ਹੈ। ਇਸ ਦੌਰਾਨ ਦੂਜੀ ਕਾਰ 'ਚ ਬੈਠਾ ਵਿਅਕਤੀ ਗੋਲ਼ੀ ਚਲਾ ਦਿੰਦਾ ਹੈ। ਬਾਅਦ ਵਿਚ ਪੁਲਿਸ ਆਉਂਦੀ ਹੈ ਤੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਥਾਣੇ ਲੈ ਜਾਂਦੀ ਹੈ।