ਇਸਲਾਮਾਬਾਦ (ਏਜੰਸੀਆਂ) : ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਜਨਤਕ ਸਥਾਨਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਮਾਸਕ ਦੇ ਫੜੇ ਜਾਣ 'ਤੇ ਤਿੰਨ ਹਜ਼ਾਰ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਇਸਲਾਮਾਬਾਦ ਦੇ ਡੀਸੀ ਮੁਹੰਮਦ ਹਮਜ਼ਾ ਨੇ ਦੱਸਿਆ ਕਿ ਪਿਛਲੇ ਮਹੀਨੇ ਸਰਕਾਰ ਵੱਲੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਪਿੱਛੋਂ ਕਾਰਖਾਨਿਆਂ, ਸ਼ਾਪਿੰਗ ਮਾਲ ਤੇ ਦੂਜੇ ਸਟੋਰਾਂ ਵਿਚ ਕਰਮਚਾਰੀਆਂ ਲਈ ਮਾਸਕ ਪਹਿਲੇ ਹੀ ਲਾਜ਼ਮੀ ਕੀਤਾ ਜਾ ਚੁੱਕਾ ਹੈ। ਬੀਤੇ ਸ਼ਨਿਚਰਵਾਰ ਨੂੰ ਸਿਹਤ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਲਾਹਕਾਰ ਜ਼ਫਰ ਮਿਰਜ਼ਾ ਨੇ ਕਿਹਾ ਸੀ ਕਿ ਸਰਕਾਰ ਆਮ ਲੋਕਾਂ ਲਈ ਮਸਜਿਦਾਂ, ਬਾਜ਼ਾਰਾਂ, ਸ਼ਾਪਿੰਗ ਮਾਲ ਅਤੇ ਜਨਤਕ ਟ੍ਾਂਸਪੋਰਟ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਚੁੱਕੀ ਹੈ। ਇਸ ਕਦਮ ਨਾਲ ਮਹਾਮਾਰੀ ਦੀ ਰੋਕਥਾਮ ਵਿਚ ਮਦਦ ਮਿਲੇਗੀ।

ਮਾਹਿਰਾਂ ਦੀ ਸਲਾਹ ਦੀ ਅਣਦੇਖੀ

ਪਾਕਿਸਤਾਨ ਵਿਚ ਲੀਕ ਹੋਏ ਇਕ ਸਰਕਾਰੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਮਾਹਿਰਾਂ ਨੇ ਸਰਕਾਰ ਨੂੰ ਪੰਜਾਬ ਸੂਬੇ ਵਿਚ ਲਾਕਡਾਊਨ ਇਕ ਮਹੀਨੇ ਤਕ ਵਧਾਉਣ ਦੀ ਸਲਾਹ ਦਿੱਤੀ ਸੀ ਪ੍ਰੰਤੂ ਅਧਿਕਾਰੀਆਂ ਨੇ ਇਸ ਦੀ ਅਣਦੇਖੀ ਕਰ ਦਿੱਤੀ। ਮਾਹਿਰਾਂ ਦਾ ਅਨੁਮਾਨ ਹੈ ਕਿ ਅਜਿਹਾ ਨਾ ਕਰਨ ਨਾਲ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਛੇ ਲੱਖ 70 ਹਜ਼ਾਰ ਲੋਕ ਕੋਰੋਨਾ ਪ੍ਰਭਾਵਿਤ ਹੋ ਸਕਦੇ ਹਨ।

ਰਿਕਾਰਡ 3,938 ਨਵੇਂ ਮਾਮਲੇ ਮਿਲੇ

ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ ਤਿੰਨ ਹਜ਼ਾਰ 938 ਨਵੇਂ ਮਾਮਲੇ ਮਿਲੇ ਹਨ। ਇਨ੍ਹਾਂ ਨੂੰ ਲੈ ਕੇ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਵੱਧ ਕੇ 76 ਹਜ਼ਾਰ 398 ਹੋ ਗਿਆ ਹੈ। 1,621 ਪੀੜਤਾਂ ਦੀ ਮੌਤ ਹੋ ਚੁੱਕੀ ਹੈ। 27 ਹਜ਼ਾਰ 110 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।