ਵਾਸ਼ਿੰਗਟਨ (ਏਪੀ) : ਅਮਰੀਕਾ 'ਚ ਅੱਤਵਾਦ ਮਾਮਲੇ ਵਿਚ ਫੜੇ ਗਏ ਇਕ ਪਾਕਿਸਤਾਨੀ ਡਾਕਟਰ ਦੀ ਮਾਨਸਿਕ ਜਾਂਚ ਕਰਵਾਏ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਉਸ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਪ੍ਰਤੀ ਵਫ਼ਾਦਾਰੀ ਦਿਖਾਈ ਸੀ ਅਤੇ ਅਮਰੀਕਾ ਵਿਚ ਹਮਲਿਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚੀ ਸੀ।

ਅਮਰੀਕਾ ਵਿਚ ਵਰਕ ਵੀਜ਼ੇ 'ਤੇ ਆਇਆ ਮੁਹੰਮਦ ਮਸੂਦ 19 ਮਾਰਚ ਤੋਂ ਹਿਰਾਸਤ ਵਿਚ ਹੈ। ਉਸ ਨੂੰ ਮਿਨੀਪੋਲਿਸ ਦੇ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਉਸ 'ਤੇ ਇਕ ਵਿਦੇਸ਼ੀ ਅੱਤਵਾਦੀ ਜਮਾਤ ਨੂੰ ਸਹਾਇਤਾ ਪਹੁੰਚਾਉਣ ਦਾ ਦੋਸ਼ ਤੈਅ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫੈਡਰਲ ਜੱਜ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਮਸੂਦ ਦੀ ਮਾਨਸਿਕ ਦਸ਼ਾ ਨੂੰ ਸਮਝਣ ਲਈ ਜਾਂਚ ਜ਼ਰੂਰੀ ਹੈ ਜਦਕਿ ਉਸ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਸ ਦਾ ਮੁਵੱਕਲ ਕੋਰਟ ਦੀ ਕਾਰਵਾਈ ਨੂੰ ਸਮਝ ਨਹੀਂ ਪਾ ਰਿਹਾ ਹੈ। ਕੋਰਟ ਵਿਚ ਦਾਖਲ ਕੀਤੇ ਗਏ ਦਸਤਾਵੇਜ਼ਾਂ ਵਿਚ ਦੋਸ਼ ਲਗਾਇਆ ਗਿਆ ਹੈ ਕਿ ਮਸੂਦ ਨੇ ਜਨਵਰੀ ਅਤੇ ਮਾਰਚ ਦੌਰਾਨ ਕਈ ਵਾਰ ਆਈਐੱਸ ਪ੍ਰਤੀ ਨਿਸ਼ਠਾ ਦਿਖਾਈ ਸੀ। ਉਹ ਅਮਰੀਕਾ ਦੇ ਮਾਯੋ ਕਲੀਨਿਕ ਵਿਚ ਵੀ ਕੰਮ ਕਰ ਚੁੱਕਾ ਹੈ।