ਇਸਲਾਮਾਬਾਦ (ਪੀਟੀਆਈ) : ਯੂਰਪੀ ਯੂਨੀਅਨ (ਈਯੂ) ਨੇ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀਆਂ ਉਡਾਣਾਂ 'ਤੇ ਛੇ ਮਹੀਨੇ ਲਈ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਯੂਰਪੀ ਦੇਸ਼ਾਂ ਲਈ ਪੀਆਈਏ ਦੀ ਸੇਵਾ ਠੱਪ ਕਰਨ ਦਾ ਐਲਾਨ ਕੀਤਾ ਹੈ। ਯੂਰਪੀ ਯੂਨੀਅਨ ਏਅਰ ਸੇਫਟੀ ਏਜੰਸੀ (ਈਏਐੱਸਏ) ਨੇ ਕਿਹਾ ਕਿ ਪੀਆਈਏ ਜਹਾਜ਼ਾਂ ਦੀ ਮੁਅੱਤਲੀ ਪਹਿਲੀ ਜੁਲਾਈ ਤੋਂ ਲਾਗੂ ਹੋਵੇਗੀ। ਪੀਆਈਏ ਇਸ ਖ਼ਿਲਾਫ਼ ਅਪੀਲ ਕਰ ਸਕਦੀ ਹੈ। ਏਅਰਲਾਈਨਜ਼ ਨੇ ਕਿਹਾ ਕਿ ਈਏਐੱਸਏ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਵਰਗੇ ਕਦਮ ਵੀ ਉਠਾਏ ਜਾ ਸਕਦੇ ਹਨ। ਈਯੂ ਨੇ ਇਹ ਪਾਬੰਦੀ ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖ਼ਾਨ ਦੇ ਉਸ ਬਿਆਨ ਤੋਂ ਬਾਅਦ ਲਾਈ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਕ ਤਿਹਾਈ ਪੀਆਈਏ ਪਾਇਲਟਾਂ ਕੋਲ ਫਰਜ਼ੀ ਲਾਇਸੈਂਸ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਇਲਟਾਂ ਦੀ ਲਾਪਰਵਾਹੀ ਕਾਰਨ ਹਾਲੀਆ ਘੱਟੋ-ਘੱਟ ਤਿੰਨ ਹਵਾਈ ਹਾਦਸੇ ਹੋਏ ਹਨ, ਜਿਨ੍ਹਾਂ 'ਚ 22 ਮਈ ਨੂੰ ਹੋਇਆ ਹਾਦਸਾ ਵੀ ਸ਼ਾਮਲ ਹੈ।

ਟਿਕਟ ਘੁਟਾਲੇ 'ਚ ਪੀਆਈਏ ਨੂੰ ਲੱਖਾਂ ਦਾ ਚੂਨਾ

ਪਾਇਲਟਾਂ ਦੇ ਫਰਜ਼ੀ ਲਾਇਸੈਂਸ ਦੇ ਸਦਮੇ 'ਚੋਂ ਹਾਲੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਉਭਰੀਆਂ ਵੀ ਨਹੀਂ ਸਨ ਕਿ ਉਸ ਨੂੰ ਸਪੈਸ਼ਲ ਫਲਾਈਟ ਦੇ ਟਿਕਟ ਘੁਟਾਲੇ 'ਚ ਲੱਖਾਂ ਦਾ ਚੂਨਾ ਲੱਗ ਗਿਆ। ਯੂਰਪ ਲਈ ਇਨ੍ਹਾਂ ਵਿਸ਼ੇਸ਼ ਉਡਾਣਾਂ ਦੀ ਟਿਕਟ ਵਿਕਰੀ 'ਚ ਅਧਿਕਾਰੀਆਂ ਨੇ 80 ਲੱਖ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਕਰ ਦਿੱਤਾ। ਅਧਿਕਾਰੀਆਂ ਨੇ ਵਿਸ਼ੇਸ਼ ਉਡਾਣਾਂ ਰਾਹੀਂ ਉਨ੍ਹਾਂ 50 ਯਾਤਰੀਆਂ ਨੂੰ ਵੀ ਇਟਲੀ ਤੇ ਫਰਾਂਸ ਭੇਜ ਦਿੱਤਾ, ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟਾਂ ਖ਼ਰੀਦੀਆਂ ਸਨ। ਜਦਕਿ, ਵਿਸ਼ੇਸ਼ ਉਡਾਣਾਂ ਤੋਂ ਪਹਿਲਾਂ ਟਿਕਟ ਲੈਣ ਵਾਲਿਆਂ ਨਹੀਂ ਭੇਜਿਆ ਜਾਣਾ ਸੀ।