ਇਸਲਾਮਾਬਾਦ/ਕਾਬੁਲ, ਏਜੰਸੀ : ਅਫਗਾਨਿਸਤਾਨ 'ਚ ਬੀਤੀ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਫਗਾਨਿਸਤਾਨ ਤੋਂ ਇਲਾਵਾ ਪਾਕਿਸਤਾਨ ਅਤੇ ਭਾਰਤ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਤਬਾਹੀ ਮਚਾਈ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 150 ਤੋਂ ਵੱਧ ਜ਼ਖ਼ਮੀ ਹੋ ਗਏ। ਹਾਲਾਂਕਿ ਭਾਰਤ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਅਫਗਾਨਿਸਤਾਨ 'ਚ ਸੀ ਭੂਚਾਲ ਦਾ ਕੇਂਦਰ

ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਫੈਜ਼ਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿਚ ਹਿੰਦੂਕੁਸ਼ ਖੇਤਰ ਵਿਚ ਸੀ। ਭੂਚਾਲ ਦਾ ਕੇਂਦਰ 156 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੇ ਝਟਕੇ ਅਫਗਾਨਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਪਾਕਿਸਤਾਨ, ਭਾਰਤ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ ਅਤੇ ਕਿਰਗਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ।

ਅਫਗਾਨਿਸਤਾਨ 'ਚ ਦੋ ਲੋਕਾਂ ਦੀ ਮੌਤ ਹੋ ਗਈ

ਭੂਚਾਲ ਕਾਰਨ ਅਫਗਾਨਿਸਤਾਨ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਅਫਗਾਨਿਸਤਾਨ ਦੇ ਆਫਤ ਰਾਹਤ ਮੰਤਰਾਲੇ ਦੇ ਬੁਲਾਰੇ ਸ਼ਫੀਉੱਲ੍ਹਾ ਰਹੀਮੀ ਨੇ ਦੱਸਿਆ ਕਿ ਪੂਰਬੀ ਲਾਘਮਾਨ ਸੂਬੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਸਹਾਇਤਾ ਕਰਮਚਾਰੀਆਂ ਨੇ ਦੱਸਿਆ ਕਿ ਬਦਖਸ਼ਾਨ ਅਤੇ ਹੋਰ ਉੱਤਰੀ ਖੇਤਰਾਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਪਾਕਿਸਤਾਨ 'ਚ 9 ਲੋਕਾਂ ਦੀ ਮੌਤ, 160 ਤੋਂ ਵੱਧ ਜ਼ਖ਼ਮੀ

ਨਿਊਜ਼ ਏਜੰਸੀ ਪੀਟੀਆਈ ਨੇ ਦੱਸਿਆ ਕਿ ਪਾਕਿਸਤਾਨ 'ਚ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨ 'ਚ ਭੂਚਾਲ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦਕਿ 160 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ। ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਪੇਸ਼ਾਵਰ, ਕੋਹਾਟ ਅਤੇ ਹੋਰ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭਾਰਤ ਵਿੱਚ ਵੀ ਲੱਗੇ ਭੂਚਾਲ ਦੇ ਤੇਜ਼ ਝਟਕੇ

ਮੰਗਲਵਾਰ ਰਾਤ ਨੂੰ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਤ ਕਰੀਬ 10:20 ਵਜੇ ਆਏ ਭੂਚਾਲ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ। ਦਿੱਲੀ-ਐਨਸੀਆਰ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉੱਤਰਾਖੰਡ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦਿੱਲੀ-ਐੱਨਸੀਆਰ 'ਚ ਭੂਚਾਲ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਲੋਕ ਡਰ ਦੇ ਮਾਰੇ ਘਰਾਂ ਅਤੇ ਦਫਤਰਾਂ 'ਚੋਂ ਬਾਹਰ ਆ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਤੁਰੰਤ ਬਾਅਦ ਜੰਮੂ ਖੇਤਰ ਦੇ ਕੁਝ ਹਿੱਸਿਆਂ ਵਿੱਚ ਮੋਬਾਈਲ ਸੇਵਾਵਾਂ ਵਿੱਚ ਵਿਘਨ ਪਿਆ।

Posted By: Seema Anand