ਲਾਹੌਰ (ਏਜੰਸੀ) : ਮਹਿਲਾਵਾਂ ਖ਼ਿਲਾਫ਼ ਜਿਨਸੀ ਅਪਰਾਧ ਦੇ ਵਧਦੇ ਮਾਮਲਿਆਂ ਦੌਰਾਨ ਪਾਕਿਸਤਾਨ ਦੇ ਪੰਜਾਬ ਸੂਬੇ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟ ’ਚ ਪੰਜਾਬ ਸੂਬੇ ਦੇ ਗ੍ਰਹਿ ਮੰਤਰੀ ਅੱਤਾ ਤਰਾਰ ਦੇ ਹਵਾਲੇ ਨਾਲ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਮਹਿਲਾਵਾਂ ਤੇ ਬੱਚਿਆਂ ਖ਼ਿਲਾਫ਼ ਵਧਦੇ ਜਿਨਸੀ ਅਪਰਾਧ ਦੇ ਮਾਮਲੇ ਸਮਾਜ ਤੇ ਸਰਕਾਰ ਲਈ ਕਾਫੀ ਗੰਭੀਰ ਮੁੱਦਾ ਹੈ। ਡਾਨ ਅਖ਼ਬਾਰ ਮੁਤਾਬਕ ਗ੍ਰਹਿ ਮੰਤਰੀ ਨੇ ਐਤਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਹੈੱਡ ਕੁਆਰਟਰ ’ਚ ਪ੍ਰੈੱਸ ਵਾਰਤਾ ਕਰ ਕੇ ਦੱਸਿਆ ਕਿ ਪੰਜਾਬ ’ਚ ਰੋਜ਼ਾਨਾ ਜਬਰ ਜਨਾਹ ਦੇ ਚਾਰ ਤੋਂ ਪੰਜ ਮਾਮਲੇ ਦਰਜ ਕੀਤੇ ਜਾ ਰਹੇ ਹਨ, ਇਸ ਲਈ ਸੂਬਾਈ ਸਰਕਾਰ ਨੂੰ ਸਖ਼ਤ ਫ਼ੈਸਲਾ ਲੈਣਾ ਪਿਆ। ਪ੍ਰੈੱਸ ਕਾਨਫਰੰਸ ’ਚ ਸੂਬੇ ਦੇ ਕਾਨੂੰਨ ਮੰਤਰੀ ਮਲਿਕ ਮੁਹੰਮਦ ਅਹਿਮਦ ਖ਼ਾਨ ਦੀ ਮੌਜੂਦਗੀ ’ਚ ਗ੍ਰਹਿ ਮੰਤਰੀ ਨੇ ਦੱਸਿਆ ਕਿ ਜਬਰ ਜਨਾਹ ਦੇ ਸਾਰੇ ਮਾਮਲਿਆਂ ਦੀ ਕੈਬਨਿਟ ਕਮੇਟੀ ’ਚ ਸਮੀਖਿਆ ਹੋਵੇਗੀ। ਇਸ ’ਚ ਮਨੁੱਖੀ ਅਧਿਕਾਰ ਸੰਗਠਨਾਂ, ਅਧਿਆਪਕਾਂ ਆਦਿ ਨਾਲ ਸਹਿਯੋਗ ਲਈ ਸੰਪਰਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤਰਾਰ ਨੇ ਮਾਪਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਮਹੱਤਵ ਸਮਝਾਉਣ ਤੇ ਨੌਜਵਾਨਾਂ ਨੂੰ ਬਗ਼ੈਰ ਨਿਗਰਾਨੀ ਘਰ ਇਕੱਲੇ ਨਾ ਛੱਡੋ।

Posted By: Shubham Kumar