ਪਰਮਜੀਤ ਸਿੰਘ ਸਾਸਨ

ਕੋਰੋਨਾ ਵਾਇਰਸ ਦੇ ਕਹਿਰ 'ਤੇ ਕਾਬੂ ਪਾਉੁਣ ਲਈ ਦੁਨੀਆ ਦੇ ਕਈ ਦੇਸ਼ ਲਾਕਡਾਊਨ ਵਰਗੇ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 500 ਦੇ ਪਾਰ ਪੁੱਜ ਗਈ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼-ਪੱਧਰੀ ਲਾਕਡਾਊਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਆਵਾਜਾਈ ਲਈ ਅਫ਼ਗਾਨਿਸਤਾਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਵੀ ਖੋਲ੍ਹਣ ਦਾ ਆਦੇਸ਼ ਦਿੱਤਾ ਹੈ। ਇਸ ਦੌਰਾਨ ਵਾਇਰਸ ਨੂੰ ਕੰਟਰੋਲ ਕਰਨ ਲਈ ਬਲੋਚਿਸਤਾਨ ਦੀ ਸੂਬਾ ਸਰਕਾਰ ਨੇ ਰਾਜ ਵਿਚ 21 ਦਿਨਾਂ ਲਈ ਅੰਸ਼ਿਕ ਲਾਕਡਾਊਨ ਦਾ ਐਲਾਨ ਕੀਤਾ ਹੈ। ਪਾਕਿਸਤਾਨ 'ਚ ਹੁਣ ਤਕ 501 ਲੋਕ ਵਾਇਰਸ ਤੋਂ ਪ੍ਰਭਾਵਿਤ ਮਿਲੇ ਹਨ। ਇਨ੍ਹਾਂ ਵਿਚੋਂ 252 ਮਾਮਲੇ ਇਕੱਲੇ ਸਿੰਧ ਸੂਬੇ 'ਚ ਸਾਹਮਣੇ ਆਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਵੱਧਦੇ ਮਾਮਲਿਆਂ ਕਾਰਨ ਪੂਰੇ ਪਾਕਿਸਤਾਨ 'ਚ ਲਾਕਡਾਊਨ ਕਰ ਦੇਣਾ ਚਾਹੀਦਾ ਹੈ ਪ੍ਰੰਤੂ ਇਮਰਾਨ ਨੇ ਕਿਹਾ ਕਿ ਲਾਕਡਾਊਨ ਦਾ ਮਤਲਬ ਕਰਫਿਊ ਵਰਗੇ ਹਾਲਾਤ ਤੋਂ ਹੁੰਦਾ ਹੈ। ਇਸ ਨਾਲ ਦੇਸ਼ 'ਚ ਅਸ਼ਾਂਤੀ ਪੈਦਾ ਹੋ ਜਾਵੇਗੀ ਅਤੇ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਇਸ ਨਾਲ ਗ਼ਰੀਬਾਂ ਦੀ ਪਰੇਸ਼ਾਨੀ ਵੱਧ ਜਾਵੇਗੀ। ਅਸੀਂ ਆਰਥਿਕ ਪੈਕੇਜ ਦੇ ਮਾਮਲੇ 'ਚ ਦੂਜੇ ਦੇਸ਼ਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਪ੍ਰੰਤੂ ਅਸੀਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਆਪਣੇ ਹੇਠਲੇ ਅਤੇ ਕਿਰਤੀ ਵਰਗ ਦੀ ਸੁਰੱਖਿਆ ਕਰਾਂਗੇ। ਦੇਸ਼ 'ਚ ਡਾਕਟਰੀ ਉਪਕਰਨਾਂ ਦੀ ਭਾਰੀ ਕਮੀ ਕਾਰਨ ਇਸਲਾਮਾਬਾਦ ਦੇ ਚਾਰ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆਤਮਕ ਉਪਕਰਨ ਮੁਹੱਈਆ ਨਾ ਕਰਵਾਏ ਗਏ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ।

ਬਲੋਚਿਸਤਾਨ ਤੇ ਕਸ਼ਮੀਰ 'ਚ ਕਰਫਿਊ ਵਰਗੇ ਹਾਲਾਤ

ਬਲੋਚਿਸਤਾਨ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਨੇ ਜਨਤਕ ਟ੍ਰਾਂਸਪੋਰਟ, ਸ਼ਾਪਿੰਗ ਮਾਲਜ਼ ਅਤੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਕਰ ਕੇ ਕਰਫਿਊ ਵਰਗੇ ਹਾਲਾਤ ਬਣ ਗਏ ਹਨ। ਈਰਾਨ ਤੋਂ ਪਰਤੇ ਸ਼ਰਧਾਲੂਆਂ ਨੂੰ ਬਲੋਚਿਸਤਾਨ ਦੇ ਕੈਂਪਾਂ ਵਿਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਉਧਰ, ਕਸ਼ਮੀਰ ਸਰਕਾਰ ਨੇ ਅੰਤਰਰਾਜੀ ਬੱਸਾਂ ਦੇ ਚੱਲਣ 'ਤੇ ਰੋਕ ਲਗਾ ਕੇ 'ਹੈਲਥ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ। ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਕਸ਼ਮੀਰ 'ਚ ਹੁਣ ਤਕ 40 ਸ਼ੱਕੀ ਮਰੀਜ਼ਾਂ ਦੇ ਖ਼ੂਨ ਦੇ ਨਮੂਨੇ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 23 ਦੀ ਰਿਪੋਰਟ ਆ ਗਈ ਹੈ ਤੇ ਇਕ ਮਰੀਜ਼ ਦਾ ਟੈਸਟ ਪੌਜ਼ਿਟਿਵ ਹੈ।

ਅੱਠ ਬੱਚਿਆਂ ਦਾ ਰੋਜ਼ਾਨਾ ਹੋ ਰਿਹੈ ਜਿਨਸੀ ਸ਼ੋਸ਼ਣ

ਪਾਕਿਸਤਾਨ 'ਚ ਰੋਜ਼ਾਨਾ ਅੱਠ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਹੈ। ਇਸ ਬਾਰੇ ਇਸਲਾਮਾਬਾਦ ਸਥਿਤ ਐੱਨਜੀਓ ਦੀ ਸਾਲ 2019 ਬਾਰੇ ਜਾਰੀ ਨਵੀਂ ਰਿਪੋਰਟ 'ਚ ਖ਼ੁਲਾਸਾ ਕੀਤਾ ਗਿਆ ਹੈ। ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 25 ਫ਼ੀਸਦੀ ਘੱਟ ਹੈ। 2019 'ਚ ਦੇਸ਼ ਦੇ ਚਾਰਾਂ ਸੂਬਿਆਂ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 2,846 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 778 ਅਗਵਾ, 405 ਬੱਚਿਆਂ ਦੇ ਲਾਪਤਾ ਹੋਣ, 384 ਜਿਨਸੀ ਸ਼ੋਸ਼ਣ, 279 ਜਬਰ ਜਨਾਹ, 210 ਜਬਰ ਜਨਾਹ ਦੀ ਕੋਸ਼ਿਸ਼, 205 ਗਿਰੋਹ ਵੱਲੋਂ ਕੁਕਰਮ ਅਤੇ 115 ਸਮੂਹਿਕ ਜਬਰ ਜਨਾਹ ਦੇ ਸਨ। ਇਸ ਤੋਂ ਇਲਾਵਾ 104 ਬਾਲ ਵਿਆਹ ਦੇ ਮਾਮਲੇ ਵੀ ਸਾਹਮਣੇ ਆਏ। ਸ਼ੋਸ਼ਣ ਦੇ ਸ਼ਿਕਾਰ ਹੋਏ ਬੱਚਿਆਂ ਵਿਚ 54 ਫ਼ੀਸਦੀ ਕੁੜੀਆਂ ਅਤੇ 46 ਫ਼ੀਸਦੀ ਲੜਕੇ ਸ਼ਾਮਲ ਹਨ। ਜ਼ਿਆਦਾਤਰ ਬੱਚੇ 6-15 ਸਾਲਾਂ ਵਿਚਕਾਰਲੀ ਉਮਰ ਦੇ ਹਨ। ਇੱਥੋਂ ਤਕ ਕਿ ਪੰਜ ਸਾਲ ਦੇ ਬੱਚਿਆਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਗਿਆ। ਬੱਚਿਆਂ ਦੀ ਪੋਰਨੋਗ੍ਰਾਫ਼ੀ ਨਾਲ ਸਬੰਧਤ 70 ਮਾਮਲੇ ਦਰਜ ਕੀਤੇ ਗਏ। ਇਸ ਦੇ ਮੁਕਾਬਲੇ 2018 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 3,832 ਮਾਮਲੇ ਦਰਜ ਕੀਤੇ ਗਏ ਸਨ।

ਫੁੱਲਾਂ ਦੀ ਖੇਤੀ ਨੇ ਗਿਲਗਿਤ ਕੀਤਾ ਗੁਲਜ਼ਾਰ

ਗਿਲਗਿਤ-ਬਾਲਤਿਸਤਾਨ ਖੇਤਰ 'ਚ ਰੋਜ਼ੀਨਾ ਬਾਬਰ ਨੇ ਫੁੱਲਾਂ ਦੀ ਖੇਤੀ ਨਾਲ ਇਲਾਕੇ ਦਾ ਨਾਂ ਦੇਸ਼-ਵਿਦੇਸ਼ 'ਚ ਮਸ਼ਹੂਰ ਕਰ ਦਿੱਤਾ ਹੈ। ਬਾਬਰ ਨੇ ਕਿਹਾ ਕਿ ਫੁੱਲਾਂ ਨੂੰ ਉਹ ਬਚਪਨ ਤੋਂ ਹੀ ਬਹੁਤ ਪਿਆਰ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਯਾਦ ਹੈ ਕਿ ਉਹ ਸ਼ੀਆ ਇਸਮਾਇਲੀ ਭਾਈਚਾਰੇ ਦੇ ਧਾਰਮਿਕ ਸਥਾਨ ਜਮਾਨ ਖਾਨਾ 'ਤੇ ਫੁੱਲਾਂ ਦੀ ਸਜਾਵਟ ਕਰਦੀ ਹੁੰਦੀ ਸੀ। ਉਸ ਨੇ ਫੁੱਲਾਂ ਦੀ ਖੇਤੀ 'ਚ ਕਰੀਅਰ ਦੀ ਭਾਲ ਲਈ ਕਰਾਕੋਰਮ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸ ਸਮੇਂ ਇਲਾਕੇ ਦੇ ਕਿਸਾਨ ਫੁੱਲਾਂ ਦੀ ਖੇਤੀ ਨੂੰ ਵਪਾਰਕ ਤੌਰ 'ਤੇ ਵਿਕਸਿਤ ਕਰਨ ਬਾਰੇ ਸੋਚਦੇ ਵੀ ਨਹੀਂ ਸਨ। ਬਾਬਰ ਨੇ ਦੱਸਿਆ ਕਿ ਸ਼ੁਰੂਆਤ ਵਿਚ ਕਿਸਾਨ ਉਸ 'ਤੇ ਹੱਸਦੇ ਸਨ ਤੇ ਵਪਾਰ 'ਚ ਨਾਕਾਮ ਹੋਣ ਦੀ ਗੱਲ ਕਰਦੇ ਸਨ। ਇਸ ਸਮੇਂ ਫੁੱਲਾਂ ਦੀ ਖੇਤੀ ਰਾਹੀਂ ਉਹ ਵੱਡਾ ਕਾਰੋਬਾਰ ਕਰ ਰਹੀ ਹੈ ਤੇ ਉਸ ਕੋਲ 76 ਔਰਤਾਂ ਕੰਮ ਕਰ ਰਹੀਆਂ ਹਨ। ਉਹ 1,800 ਵਰਗ ਗਜ਼ ਜ਼ਮੀਨ 'ਚ ਹੀ ਫੁੱਲਾਂ ਦੀ ਖੇਤੀ ਕਰ ਰਹੀ ਹੈ। ਇਲਾਕੇ ਵਿਚ ਮੰਗ ਘੱਟ ਹੋਣ ਕਰ ਕੇ ਉਸ ਨੇ ਫੁੱਲਾਂ ਨੂੰ ਸਜਾਵਟ ਲਈ ਲਾਹੌਰ ਅਤੇ ਇਸਲਾਮਾਬਾਦ ਭੇਜਣਾ ਸ਼ੁਰੂ ਕਰ ਦਿੱਤਾ। ਬਾਬਰ ਮਾਰਚ ਤੋਂ ਅਕਤੂਬਰ ਤਕ ਫੁੱਲਾਂ ਦੀ ਖੇਤੀ ਕਰਦੀ ਹੈ। ਉਸ ਤੋਂ ਪ੍ਰੇਰਣਾ ਲੈ ਕੇ 450 ਹੋਰ ਔਰਤਾਂ ਇਸ ਇਲਾਕੇ ਵਿਚ ਫੁੱਲਾਂ ਦੀ ਖੇਤੀ ਕਰ ਰਹੀਆਂ ਹਨ। ਇਹ ਔਰਤਾਂ ਮਹੀਨੇ ਵਿਚ 25 ਤੋਂ 80 ਹਜ਼ਾਰ ਰੁਪਏ ਤਕ ਦੀ ਕਮਾਈ ਕਰ ਰਹੀਆਂ ਹਨ।