ਲਾਹੌਰ (ਪੀਟੀਆਈ) : ਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਕਰੀਬ ਪੰਜ ਸਾਲ ਤੋਂ ਜੇਲ੍ਹ 'ਚ ਬੰਦ ਇਕ ਇਸਾਈ ਨੌਜਵਾਨ ਨੂੰ ਹੁਣ ਜਾ ਕੇ ਜ਼ਮਾਨਤ ਮਿਲੀ ਹੈ। ਇਸ ਨੂੰ ਬਗ਼ੈਰ ਟ੍ਰਾਇਲ ਦੇ ਹੀ ਏਨੇ ਸਮੇਂ ਤਕ ਜੇਲ੍ਹ 'ਚ ਰੱਖਿਆ ਗਿਆ।

ਲਾਹੌਰ ਹਾਈ ਕੋਰਟ ਨੇ ਸੋਮਵਾਰ ਨੂੰ ਨਬੀਲ ਮਸੀਹ ਦੀ ਜ਼ਮਾਨਤ ਮਨਜ਼ੂਰ ਕੀਤੀ। ਸੁਣਵਾਈ ਦੌਰਾਨ ਨਬੀਲ ਦੇ ਵਕੀਲ ਨੇ ਕੋਰਟ ਨੂੰ ਕਿਹਾ, 'ਮੇਰਾ ਮੁਵੱਕਲ ਕਰੀਬ ਪੰਜ ਸਾਲਾਂ ਤੋਂ ਸਲਾਖਾਂ ਪਿੱਛੇ ਹਨ ਤੇ ਉਸ ਦੇ ਟ੍ਰਾਇਲ 'ਚ ਕੋਈ ਤਰੱਕੀ ਨਹੀਂ ਹੋਈ ਹੈ। ਫੋਰੈਂਸਿਕ ਰਿਪੋਰਟ ਤੋਂ ਵੀ ਇਹ ਸਾਬਤ ਹੋ ਚੁੱਕਾ ਹੈ ਕਿ ਵ੍ਹਟਸਐਪ ਗਰੁੱਪ 'ਤੇ ਪਾਇਆ ਗਿਆ ਕਥਿਤ ਈਸ਼ਨਿੰਦਾ ਪੋਸਟ ਨਬੀਲ ਨੇ ਤਿਆਰ ਨਹੀਂ ਕੀਤੀ ਸੀ। ਉਸ ਸਮੇਂ ਉਹ ਨਾਬਾਲਗ ਸੀ। ਅਜਿਹਾ ਲੱਗਦਾ ਹੈ ਕਿ ਮੌਲਵੀਆਂ ਤੇ ਸਥਾਨਕ ਲੋਕਾਂ ਦੇ ਦਬਾਅ 'ਚ ਪੁਲਿਸ ਨੇ ਨਬੀਲ 'ਤੇ ਐੱਫਆਈਆਰ ਦਰਜ ਕੀਤੀ ਸੀ।' ਇਸ ਐੱਫਆਈਆਰ ਦੇ ਆਧਾਰ 'ਤੇ ਲਾਹੌਰ ਤੋਂ 50 ਕਿਲੋਮੀਟਰ ਦੂਰ ਕਸੂਰ ਸ਼ਹਿਰ 'ਚ ਨਬੀਲ ਨੂੰ ਜਦੋਂ ਗਿ੍ਫ਼ਤਾਰ ਕੀਤਾ ਗਿਆ ਸੀ, ਉਦੋਂ ਉਹ ਮਹਿਜ਼ 16 ਸਾਲ ਦਾ ਸੀ। ਉਸ ਨੂੰ ਵ੍ਹਟਸਐਪ ਗਰੁੱਪ 'ਤੇ ਈਸ਼ਨਿੰਦਾ ਸਮੱਗਰੀ ਸਾਂਝੀ ਕਰਨ ਦੇ ਦੋਸ਼ 'ਚ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਈਸ਼ਨਿੰਦਾ 'ਤੇ ਸਖ਼ਤ ਕਾਨੂੰਨ ਬਣਾਏ ਗਏ ਹਨ। ਈਸ਼ਨਿੰਦਾ ਦੇ ਮੁਲਜ਼ਮ ਵਿਅਕਤੀ ਨੂੰ ਆਪਣੀ ਪਸੰਦ ਦਾ ਵਕੀਲ ਤਕ ਮੁਹੱਈਆ ਨਹੀਂ ਹੋ ਸਕਿਆ ਹੈ। ਜ਼ਿਆਦਾਤਰ ਵਕੀਲ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਲੈਣ ਤੋਂ ਇਨਕਾਰ ਕਰ ਦਿੰਦੇ ਹਨ।

Posted By: Susheel Khanna