ਹਾਂਗਕਾਂਗ (ਏਐੱਨਆਈ) : ਵਨ ਬੈਲਟ ਵਨ ਰੋਡ (ਓਬੀਓਆਰ) ਮੁਹਿੰਮ ਨਾਲ ਪਾਕਿਸਤਾਨ ਨੂੰ ਜੋੜਨ ਅਤੇ ਉਸ ਨੂੰ ਕਰਜ਼ੇ ਹੇਠ ਲੱਦ ਦੇਣ ਪਿੱਛੋਂ ਚੀਨ ਹੁਣ ਉਸ ਦੇ ਪ੍ਰਸ਼ਾਸਨਿਕ ਢਾਂਚੇ 'ਤੇ ਕਬਜ਼ਾ ਕਰਨ ਦੀ ਰਾਹ 'ਤੇ ਹੈ। ਸੰਵਿਧਾਨ ਦੇ ਦਾਇਰੇ 'ਚ ਚੱਲਣ ਵਾਲੀ ਸਰਕਾਰ ਅਤੇ ਚੁਣੇ ਹੋਏ ਲੋਕ ਪ੍ਰਤੀਨਿਧਾਂ ਨੂੰ ਕਿਨਾਰੇ ਲਗਾਉਂਦੇ ਹੋਏ ਬਿਨਾਂ ਜਵਾਬਦੇਹੀ ਵਾਲੀਆਂ ਸੰਸਥਾਵਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿਚ ਚੀਨ ਪੱਖੀ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ। ਅਜਿਹੀ ਹੀ ਇਕ ਸੰਸਥਾ ਚਾਈਨਾ-ਪਾਕਿਸਤਾਨ ਇਕਨੋਮਿਕ ਕਾਰੀਡੋਰ ਅਥਾਰਟੀ (ਸੀਪੀਈਸੀਏ) ਹੈ। ਯੋਜਨਾ ਮੰਤਰਾਲੇ ਨੂੰ ਕਿਨਾਰੇ ਕਰ ਕੇ ਇਸ ਅਥਾਰਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਦਾ ਮੁਖੀ ਸਾਬਕਾ ਫ਼ੌਜ ਮੁਖੀ ਜਨਰਲ ਅਸੀਮ ਬਾਜਵਾ ਨੂੰ ਬਣਾਇਆ ਗਿਆ ਹੈ।

ਯੋਜਨਾ ਮੰਤਰਾਲੇ ਨੂੰ ਇਕ ਪਾਸੇ ਕਰ ਕੇ ਇਸ ਅਥਾਰਟੀ ਦੇ ਗਠਨ ਦਾ ਪ੍ਰਸਤਾਵ ਚੀਨ ਵੱਲੋਂ ਨਵਾਜ਼ ਸ਼ਰੀਫ ਸਰਕਾਰ ਦੇ ਸਾਹਮਣੇ ਵੀ ਰੱਖਿਆ ਗਿਆ ਸੀ ਪ੍ਰੰਤੂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਲਈ ਤਿਆਰ ਨਹੀਂ ਸਨ ਹੋਏ। ਜਦੋਂ ਪਾਕਿਸਤਾਨ 'ਚ ਆਰਥਿਕ ਹਾਲਾਤ ਡਾਵਾਂਡੋਲ ਹੋ ਗਏ ਅਤੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਾਹਮਣੇ ਗੋਡੇ ਟੇਕਣ ਦੇ ਇਲਾਵਾ ਕੋਈ ਬਦਲ ਨਹੀਂ ਬੱਚਿਆ, ਤਦ ਪਾਕਿਸਤਾਨ ਵਿਚ ਓਬੀਓਆਰ ਤਹਿਤ ਚੱਲ ਰਹੀਆਂ ਵਿਕਾਸ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕਰ ਕੇ ਲਾਗਤ ਘੱਟ ਕਰਨ ਦਾ ਪ੍ਰਸਤਾਵ ਚੀਨ ਨੇ ਪੇਸ਼ ਕੀਤਾ। ਇਸ ਵਾਰ ਇਮਰਾਨ ਕੋਲ ਸੀਪੀਈਸੀਏ ਦੇ ਗਠਨ ਨੂੰ ਮਨਜ਼ੂਰੀ ਦੇਣ ਦੇ ਇਲਾਵਾ ਕੋਈ ਰਸਤਾ ਨਹੀਂ ਬੱਚਿਆ। ਸੰਸਦ ਵਿਚ ਇਸ ਬਾਰੇ ਵਿਸ਼ੇਸ਼ ਨੋਟੀਫਿਕੇਸ਼ਨ ਪਾਸ ਕਰਵਾ ਕੇ ਅਕਤੂਬਰ 2019 ਪਾਕਿਸਤਾਨ ਪ੍ਰਤੀ ਬਿਨਾਂ ਕਿਸੇ ਜਵਾਬਦੇਹੀ ਵਾਲੀ ਸੰਸਥਾ ਦਾ ਗਠਨ ਕਰ ਦਿੱਤਾ ਗਿਆ। ਨਵੰਬਰ 'ਚ ਇਸ ਦਾ ਮੁਖੀ ਜਨਰਲ ਬਾਜਵਾ ਨੂੰ ਬਣਾ ਦਿੱਤਾ ਗਿਆ। ਸੀਪੀਈਸੀਏ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਹੁਣ ਵਿਰੋਧੀ ਦਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕਾਫ਼ੀ ਰੌਲਾ ਪਾਇਆ ਹੈ ਪ੍ਰੰਤੂ ਸੰਸਥਾ ਅਤੇ ਸਰਕਾਰ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਸੀਪੀਈਸੀਏ ਨੋਟੀਫਿਕੇਸ਼ਨ ਪਾਸ ਹੋਣ ਨਾਲ ਬਣੇ ਕਾਨੂੰਨ ਮੁਤਾਬਕ ਬਿਨਾਂ ਕਿਸੇ ਜਵਾਬਦੇਹੀ ਦੇ ਕੰਮ ਕਰ ਰਹੀ ਹੈ। ਉਹ ਕੇਵਲ ਚੀਨ ਦੀ ਬਣਾਈ ਗਾਈਡਲਾਈਨ ਦਾ ਪਾਲਣ ਕਰ ਰਹੀ ਹੈ ਅਤੇ ਪ੍ਰਰਾਜੈਕਟਾਂ ਨੂੰ ਪੂਰਾ ਕਰਨ ਲਈ ਸਮਾਂ ਅਤੇ ਲਾਗਤ ਨੂੰ ਘੱਟ ਕਰ ਰਹੀ ਹੈ।

ਹਾਂਗਕਾਂਗ ਦੇ ਅਖ਼ਬਾਰ 'ਏਸ਼ੀਆ ਟਾਈਮਜ਼' ਅਨੁਸਾਰ ਚੀਨ ਖ਼ੁਦ ਨਾਲ ਜੁੜੇ ਕਈ ਪ੍ਰਰਾਜੈਕਟਾਂ ਲਈ ਅਜਿਹੀਆਂ ਹੀ ਸੰਸਥਾਵਾਂ ਖੜ੍ਹੀਆਂ ਕਰਵਾਉਣ ਲਈ ਪਾਕਿਸਤਾਨ 'ਤੇ ਦਬਾਅ ਪਾ ਰਿਹਾ ਹੈ ਜਿਸ ਨਾਲ ਚੁਣੇ ਹੋਏ ਨੁਮਾਇੰਦਿਆਂ ਤੋਂ ਅਲੱਗ ਸੱਤਾ 'ਤੇ ਉਸ ਦੀ ਪਕੜ ਬਣੇ ਅਤੇ ਉਹ ਆਪਣੇ ਹਿਸਾਬ ਨਾਲ ਪਾਕਿਸਤਾਨ 'ਚ ਕੰਮ ਕਰਵਾ ਸਕੇ।