ਇਸਲਾਮਾਬਾਦ (ਆਈਏਐੱਨਐੱਸ) : ਚੀਨ ਦੇ ਵਿਦੇਸ਼ ਮੰਤਰੀ ਤੇ ਸਟੇਟ ਕੌਂਸਲਰ ਵਾਂਗ ਯੀ ਨੇ ਐਤਵਾਰ ਨੂੰ ਇੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਯੋਜਨਾ ਮੰਤਰੀ ਮਖਦੂਮ ਖੁਸਰੋ ਬਖ਼ਤਿਆਰ ਤੇ ਪਾਕਿਸਤਾਨ 'ਚ ਚੀਨ ਦੇ ਰਾਜਦੂਤ ਯਾਓ ਜਿੰਗ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਪਾਕਿਸਤਾਨ ਤੇ ਨੇਪਾਲ ਦੀ ਚਾਰ ਦਿਨਾ ਯਾਤਰਾ 'ਤੇ ਨਿਕਲੇ ਵਾਂਗ ਸ਼ਨਿਚਰਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ। ਵਾਂਗ ਨਾਲ ਚੀਨ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਲੁਓ ਜਾਓਹੁਈ ਵੀ ਪਾਕਿਸਤਾਨ ਪੁੱਜੇ ਹਨ।

ਵਾਂਗ ਨੇ ਇੱਥੇ ਕੁਰੈਸ਼ੀ ਦੀ ਮੇਜ਼ਬਾਨੀ 'ਚ ਹੋਈ ਤਿ੍ਪੱਖੀ ਬੈਠਕ 'ਚ ਵੀ ਹਿੱਸਾ ਲਿਆ, ਜਿਸ 'ਚ ਅਫ਼ਗਾਨ ਵਿਦੇਸ਼ ਮੰਤਰੀ ਸਲਾਹੁਦੀਨ ਰੱਬਾਨੀ ਨੇ ਵੀ ਸ਼ਿਰਕਤ ਕੀਤੀ। ਇਸ ਬੈਠਕ 'ਚ ਅਫ਼ਗਾਨਿਸਤਾਨ 'ਚ ਅਮਨ ਦੇ ਯਤਨ ਦੇ ਨਾਲ ਹੀ ਅੱਤਵਾਦ ਰੋਕਥਾਮ ਸਹਿਯੋਗ ਤੇ ਹੋਰਨਾਂ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਬੈਠਕ 'ਚ ਅਫ਼ਗਾਨਿਸਤਾਨ, ਚੀਨ ਤੇ ਪਾਕਿਸਤਾਨ ਨੇ ਅਫ਼ਗਾਨ ਸਰਕਾਰ ਦੀ ਅਗਵਾਈ 'ਚ ਹੋਣ ਵਾਲੀ ਗੱਲਬਾਤ ਰਾਹੀਂ ਹੀ ਸ਼ਾਂਤੀ ਸਮਝੌਤੇ 'ਤੇ ਜ਼ੋਰ ਦਿੱਤਾ। ਤਿੰਨਾਂ ਧਿਰਾਂ ਨੇ ਕਰੀਬ ਦੋ ਦਹਾਕੇ ਤੋਂ ਜੰਗ ਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਹਾਲੀਆ ਹਮਲਿਆਂ ਦੀ ਨਿੰਦਾ ਕੀਤੀ।