ਕਰਾਚੀ (ਏਐੱਨਆਈ) : ਪਾਕਿਸਤਾਨ ਵਿਚ ਇਕ ਬੱਸ 'ਚ ਹੋਏ ਹਮਲੇ ਵਿਚ ਆਪਣੇ ਨੌਂ ਇੰਜੀਨੀਅਰਾਂ ਦੀ ਮੌਤ ਤੋਂ ਖਫ਼ਾ ਚੀਨ ਨੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਰਾਜੈਕਟ ਸਬੰਧੀ ਉੱਚ ਪੱਧਰੀ ਸੰਯੁਕਤ ਤਾਲਮੇਲ ਕਮੇਟੀ ਦੀ 10ਵੀਂ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਅਰਬਾਂ ਡਾਲਰ ਦਾ ਦਾਸੂ ਜਲ ਬਿਜਲੀ ਪ੍ਰਰਾਜੈਕਟ ਵੀ ਰੋਕ ਦਿੱਤਾ ਹੈ।

ਨਿੱਕੇਈ ਏਸ਼ੀਆ ਮੁਤਾਬਕ ਕੋਸ਼ਿਸਤਾਨ ਜ਼ਿਲ੍ਹੇ ਵਿਚ ਚੀਨ ਦੀ ਅਗਵਾਈ 'ਚ ਦਾਸੂ ਜਲ ਬਿਜਲੀ ਪ੍ਰਰਾਜੈਕਟ ਦੇ ਨਿਰਮਾਣ ਦੌਰਾਨ ਹੋਏ ਇਸ ਮਾਮਲੇ ਵਿਚ ਨੌਂ ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਬੱਸ ਵਿਚ ਤਕਨੀਕੀ ਨੁਕਸ ਕਾਰਨ ਹੋਇਆ ਹਾਦਸਾ ਦੱਸਿਆ ਸੀ। ਇਸ ਬਿਆਨ 'ਤੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ ਅਤੇ ਧਮਾਕੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਾਕਿਸਤਾਨੀ ਅਧਿਕਾਰੀਆਂ ਨੂੰ ਬਾਅਦ ਵਿਚ ਘਟਨਾ ਸਥਾਨ 'ਤੇ ਵਿਸਫੋਟਕਾਂ ਦੇ ਸੁਰਾਗ ਮਿਲੇ ਸਨ। ਮਾਮਲੇ ਦੀ ਜਾਂਚ ਲਈ 15 ਚੀਨੀ ਜਾਂਚਕਰਤਾਵਾਂ ਦੀ ਟੀਮ ਵੀ ਪਾਕਿਸਤਾਨੀ ਪਹੁੰਚੀ ਸੀ। ਅੱਤਵਾਦ ਦੀ ਕਵਰੇਜ ਕਰਨ ਵਾਲੇ ਸੀਨੀਅਰ ਵਿਸ਼ਲੇਸ਼ਕ ਫਖਾਰ ਕਾਕਾਖੇਲ ਦਾ ਕਹਿਣਾ ਹੈ, 'ਸੁਭਾਵਿਕ ਰੂਪ ਵਿਚ ਇਹ ਸੀਪੀਈਸੀ 'ਚ ਅੜਿੱਕਾ ਡਾਹੁਣ ਦਾ ਯਤਨ ਹੈ। ਬੀਤੇ ਸਮੇਂ 'ਚ ਕਈ ਹਮਲਿਆਂ ਦਾ ਨਿਸ਼ਾਨਾ ਬਲੂਚਿਸਤਾਨ 'ਚ ਸੀਪੀਈਸੀ ਦੇ ਬਾਹਰਲੇ ਇਲਾਕੇ ਸਨ ਪਰ ਇਸ ਵਾਰ ਇਹ ਚੀਨ ਦੇ ਨੇੜੇ ਹੋਇਆ।' ਮਾਹਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਪਾਕਿਸਤਾਨ ਵਿਚ ਚੀਨੀ ਹਿੱਤਾਂ ਨੂੰ ਵੱਡਾ ਝਟਕਾ ਹੈ। ਨਿੱਕੇਈ ਏਸ਼ੀਆ ਨੇ ਕਾਕਾਖੇਲ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਿਸਤਾਨ ਦੇ ਅਸ਼ਾਂਤ ਹਾਲਾਤ ਵੀ ਪਾਕਿਸਤਾਨ 'ਚ ਹੋਰ ਮੁਸ਼ਕਲਾਂ ਪੈਦਾ ਕਰਨਗੇ ਜਿੱਥੇ ਸੀਪੀਈਸੀ ਮੁੱਖ ਰੂਪ ਵਿਚ ਨਿਸ਼ਾਨੇ 'ਤੇ ਹਨ।

ਇਸ ਦੌਰਾਨ ਚੀਨ ਨੇ ਪਾਕਿਸਤਾਨ ਤੋਂ ਉਸ ਦੇ ਦੇਸ਼ ਵਿਚ ਚੀਨੀ ਕਰਮਚਾਰੀਆਂ ਦੇ ਸੁਰੱਖਿਆ ਖਤਰਿਆਂ ਦੀ ਪਛਾਣ ਕਰਨ ਲਈ ਕਿਹਾ ਹੈ। ਚੀਨ ਦੇ ਸਟੇਟ ਕੌਂਸਲਰ ਅਤੇ ਜਨ ਸੁਰੱਖਿਆ ਮੰਤਰੀ ਝਾਓ ਕੇਝੀ ਨੇ ਪਾਕਿਸਤਾਨ ਦੇ ਗ੍ਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨਾਲ ਉਕਤ ਹਮਲੇ ਬਾਰੇ ਗੱਲਬਾਤ ਵੀ ਕੀਤੀ।

ਦਰਅਸਲ ਚੀਨੀ ਨਾਗਰਿਕਾਂ 'ਤੇ ਹੋ ਰਹੇ ਲਗਾਤਾਰ ਹਮਲਿਆਂ ਤੋਂ ਬਾਅਦ ਹੁਣ ਪਾਕਿਸਤਾਨ ਲਈ ਬੀਜਿੰਗ ਨੂੰ ਭਰੋਸੇ 'ਚ ਲੈਣਾ ਜ਼ਰੂਰੀ ਹੈ ਕਿ ਉਹ ਅੱਤਵਾਦੀ ਸਮੂਹਾਂ ਤੋਂ ਚੀਨ ਦੇ ਬੁਨਿਆਦੀ ਢਾਂਚੇ ਅਤੇ ਉਸ ਦੇ ਨਾਗਰਿਕਾਂ ਦੀ ਰੱਖਿਆ ਕਰ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਆਪਣੇ ਹੀ ਬੁਨਿਆਦੀ ਢਾਂਚੇ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿਚ ਅਸਫਲ ਰਿਹਾ ਹੈ।

Posted By: Jatinder Singh