ਪਿਸ਼ਾਵਰ (ਏਐੱਫਪੀ) : ਦੇਸ਼ ਭਰ 'ਚ ਭਾਰੀ ਵਿਰੋਧ ਤੋਂ ਬਾਅਦ ਪਾਕਿਸਤਾਨ ਤੇ ਸਿੱਖਿਆ ਟਿ੍ਬਿਊਨਲ ਨੇ ਸਕੂਲੀ ਵਿਦਿਆਰਥਣਾਂ ਲਈ ਨਕਾਬ ਦੀ ਲਾਜ਼ਮੀਅਤਾ ਦਾ ਆਦੇਸ਼ ਵਾਪਸ ਲੈ ਲਿਆ ਹੈ। ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਤੇ ਹਾਰੀਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਅਨੈਤਿਕ ਸਰਗਰਮੀਆਂ ਤੋਂ ਬਚੇ ਰਹਿਣ ਲਈ ਵਿਦਿਆਰਥਣਾਂ ਨੂੰ ਖ਼ੁਦ ਨੂੰ ਢਕ ਕੇ ਚੱਲਣਾ ਚਾਹੀਦਾ ਹੈ। ਪਿਛਲੇ ਹਫ਼ਤੇ ਪਹਿਲੀ ਵਾਰ ਇਸ ਨਾਲ ਸਬੰਧਤ ਨਿਰਦੇਸ਼ ਦਿੱਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਸਮੇਤ ਪੂਰੇ ਦੇਸ਼ 'ਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ।

ਸੋਸ਼ਲ ਮੀਡੀਆ ਯੁੂਜ਼ਰਾਂ ਨਾਲ ਮਨੁੱਖੀ ਅਧਿਕਾਰ ਵਰਕਰਾਂ ਨੇ ਇਸ ਆਦੇਸ਼ ਨੂੰ ਮਹਿਲਾ ਅਧਿਕਾਰਾਂ ਦਾ ਘਾਣ ਦੱਸਿਆ ਸੀ। ਨੈਇਲਾ ਇਨਾਇਤ ਨੇ ਟਵੀਟ ਕੀਤਾ, 'ਤਾਂ ਬੱਚੀਆਂ ਨਾਲ ਕੁਝ ਵੀ ਗ਼ਲਤ ਹੋਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਖ਼ੁਦ ਦੀ ਹੈ। ਉਨ੍ਹਾਂ ਨਾਲ ਛੇੜਖਾਨੀ ਕਰਨ ਵਾਲਿਆਂ ਦੀ ਨਹੀਂ।' ਪ੍ਰਮੁੱਖ ਮਹਿਲਾ ਅਧਿਕਾਰ ਵਰਕਰ ਤਾਹਿਰਾ ਅਬਦੁੱਲਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਦੇਸ਼ ਨਾਲ ਦੇਸ਼ ਦੇ ਅਕਸ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, 'ਪੂਰੀ ਦੁਨੀਆ ਬੱਚਿਆਂ ਦੀ ਸਿੱਖਿਆ, ਸੁਰੱਖਿਆ ਤੇ ਵਿਕਾਸ 'ਚ ਤਰੱਕੀ ਕਰ ਰਹੀ ਹੈ, ਉੱਥੇ ਪਾਕਿਸਤਾਨ ਪਿੱਛੇ ਜਾ ਰਿਹਾ ਹੈ।' ਕਈ ਲੋਕਾਂ ਨੇ ਆਦੇਸ਼ ਵਾਪਸ ਲਏ ਜਾਣ 'ਤੇ ਵੀ ਵਿਰੋਧ ਪ੍ਰਗਟਾਇਆ ਹੈ। ਸੂਬੇ ਦੇ ਇਕ ਵਿਧਾਇਕ ਸਿਰਾਜ-ਉਦ-ਦੀਨ ਖ਼ਾਨ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਪੂਰੇ ਸੂਬੇ 'ਚ ਇਹ ਆਦੇਸ਼ ਲਾਗੂ ਕਰਨ ਦੀ ਮੰਗ ਕਰੇਗੀ।