ਇਸਲਾਮਾਬਾਦ (ਏਐੱਨਆਈ) : ਮੀਡੀਆ ਨੂੰ ਲੈ ਕੇ ਵਿਦੇਸ਼ ਹੀ ਨਹੀਂ ਦੇਸ਼ 'ਚ ਵੀ ਇਮਰਾਨ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਜ਼ਰਦਾਰੀ ਕਿਹਾ ਹੈ ਕਿ ਸਰਕਾਰ ਧਮਕੀਆਂ ਤੇ ਦਬਾਅ ਰਾਹੀਂ ਮੀਡੀਆ ਦਾ ਗਲ਼ਾ ਘੁੱਟ ਰਹੀ ਹੈ। ਬਿਲਾਵਲ ਨੇ ਕਿਹਾ ਕਿ ਸਰਕਾਰ ਜਨਤਾ ਤੋਂ ਆਪਣੇ ਗ਼ੈਰ-ਕਾਨੂੰਨੀ ਕੰਮਾਂ, ਭਿ੍ਸ਼ਟਾਚਾਰ ਤੇ ਅਸਮਰੱਥਾ ਨੂੰ ਜਨਤਾ ਤੋਂ ਲੁਕਾਉਣਾ ਚਾਹੁੰਦੀ ਹੈ। ਇਮਰਾਨ ਸਰਕਾਰ ਨੇ ਆਪਣੇ ਮੁਤਾਬਕ ਨਾ ਬੋਲਣ ਵਾਲੇ ਐਂਕਰਾਂ ਤੇ ਆਜ਼ਾਦ ਪੱਤਰਕਾਰਾਂ ਨੂੰ ਟੀਵੀ ਸਕਰੀਨ ਤੋਂ ਹਟਾ ਦਿੱਤਾ, ਜੋ ਹੁਣ ਇੰਟਰਨੈੱਟ ਮੀਡੀਆ 'ਤੇ ਆਪਣੇ ਵਿਚਾਰ ਰੱਖ ਰਹੇ ਹਨ। ਬਿਲਾਵਲ ਨੇ ਇਹ ਗੱਲ ਪ੍ਰਰੈੱਸ ਆਜ਼ਾਦੀ ਦਿਵਸ 'ਤੇ ਕਹੀ। ਬਿਲਾਵਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਜ਼ਾਦ ਮੀਡੀਆ ਦੇ ਦਮਨ ਕਾਰਨ ਲੋਕਾਂ 'ਚ ਗੁੱਸਾ ਵਧ ਰਿਹਾ ਹੈ ਤੇ ਇਹ ਕਿਸੇ ਸਮੇਂ ਫੁੱਟ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਨੂੰ ਦਬਾਅ ਤੋਂ ਮੁਕਤ ਕੀਤਾ ਜਾਣਾ ਚਾਹੀਦਾ।

ਇਧਰ ਪਾਕਿਸਤਾਨ ਮੁਸਲਿਮ-ਲੀਗ-ਨਵਾਜ਼ ਦੇ ਜਨਰਲ ਸਕੱਤਰ ਅਹਿਸਾਨ ਇਕਬਾਲ ਨੇ ਕਿਹਾ ਕਿ ਚੋਣਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਤਹਿਰੀਕ-ਏ-ਇਨਸਾਫ਼ ਪਾਰਟੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਚੋਣਾਂ ਕਰਵਾਉਣੀ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ 'ਚ ਸੱਤਾਧਾਰੀ ਦੇ ਜਿਹਨ 'ਚ ਇਹ ਵਿਚਾਰ ਨਹੀਂ ਸੀ, ਪਰ ਹੁਣ ਉਪ-ਚੋਣਾਂ 'ਚ ਲਗਾਤਾਰ ਹਾਰ ਤੋਂ ਬਾਅਦ ਇਸ ਫ਼ੈਸਲੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ।