ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਅਸਤੀਫ਼ੇ ਦਾ ਦਬਾਅ ਬਣਾਉਣ ਲਈ ਰਾਸ਼ਟਰ ਪੱਧਰੀ ਪ੍ਰਦਰਸ਼ਨ ਕਰੇਗੀ। ਪੀਪੀਪੀ ਪ੍ਰਧਾਨ ਬਿਲਾਵਲ ਨੇ ਇੱਥੇ ਇਕ ਰੈਲੀ 'ਚ ਕਿਹਾ, 'ਜਨਤਾ ਵਿਚਕਾਰ ਇਮਰਾਨ ਸਰਕਾਰ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ, ਕਿਉਂਕਿ ਇਸ ਸਰਕਾਰ ਨੇ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਸਾਡੀ ਮੰਗ ਹੈ ਕਿ ਮੁਲਕ 'ਚ ਲੋਕਤੰਤਰ ਬਹਾਲ ਕੀਤਾ ਜਾਵੇ। ਬਨਾਉਟੀ ਲੋਕਤੰਤਰ ਬਿਲਕੁਲ ਮਨਜ਼ੂਰ ਨਹੀਂ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਨੂੰ ਹਟਾਉਣ ਲਈ ਦੇਸ਼ ਪੱਧਰੀ ਅੰਦੋਲਨ ਛੇੜਨ ਦਾ ਫ਼ੈਸਲਾ ਕੀਤਾ ਹੈ।' 31 ਸਾਲਾ ਬਿਲਾਵਲ ਨੇ ਦੱਸਿਆ, 'ਸਰਕਾਰ ਵਿਰੋਧੀ ਸਾਡੇ ਅੰਦੋਲਨ ਦੀ ਸ਼ੁਰੂਆਤ ਕਰਾਚੀ ਤੋਂ ਹੋ ਗਈ ਹੈ। ਪੀਪੀਪੀ ਥਾਰ 'ਚ 23 ਅਕਤੂਬਰ ਤੇ ਸਿੰਧ ਸੂਬੇ ਦੇ ਕਸ਼ਮੋਰ ਇਲਾਕੇ 'ਚ 26 ਅਕਤੂਬਰ ਨੂੰ ਮੁਜ਼ਾਹਰਾ ਕਰੇਗੀ। ਜਦਕਿ ਪੰਜਾਬ ਸੂਬੇ 'ਚ ਇਕ ਨਵੰਬਰ ਤੋਂ ਰੈਲੀਆਂ ਦੀ ਸ਼ੁਰੂਆਤ ਹੋਵੇਗੀ।' ਉਨ੍ਹਾਂ ਨੇ ਇਮਰਾਨ ਸਰਕਾਰ 'ਤੇ ਕਸ਼ਮੀਰ ਮਸਲੇ 'ਤੇ ਸਮਝੌਤਾ ਕਰਨ ਤੇ ਸੰਸਦ ਨੂੰ ਦਰਕਿਨਾਰ ਕਰਨ ਦਾ ਦੋਸ਼ ਵੀ ਲਗਾਇਆ। ਬਿਲਾਵਲ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਬੰਨ੍ਹਦਿਆਂ ਕਿਹਾ, 'ਅਸੀਂ ਪੂਰੇ ਦੇਸ਼ ਦਾ ਦੌਰਾ ਕਰਾਂਗੇ। ਤੁਹਾਨੂੰ (ਇਮਰਾਨ ਖ਼ਾਨ) ਜਾਣਾ ਪਵੇਗਾ। ਅਸੀਂ ਤੁਹਾਡੀ ਅਯੋਗਤਾ ਨੂੰ ਦੇਸ਼ ਦੇ ਹਰ ਕੋਨੇ 'ਚ ਜਾ ਕੇ ਉਜਾਗਰ ਕਰਾਂਗੇ। ਇਮਰਾਨ ਖ਼ਾਨ 'ਚ ਦੇਸ਼ 'ਤੇ ਸ਼ਾਸਨ ਕਰਨ ਦੀ ਨਾ ਤਾਂ ਸਮਰੱਥਾ ਹੈ ਤੇ ਨਾ ਹੀ ਗੰਭੀਰਤਾ ਹੈ।