ਇਸਲਾਮਬਾਦ (ਏਜੰਸੀ) : ਲੰਡਨ ਬਿ੍ਜ ਹਮਲੇ 'ਚ ਸ਼ਾਮਿਲ ਵਿਅਕਤੀ ਨੂੰ ਪਾਕਿਸਤਾਨੀ ਮੂਲ ਦਾ ਦੱਸਣ 'ਤੇ ਪਾਕਿਸਤਾਨ ਦੇ ਇਕ ਪ੍ਰਮੁੱਖ ਅਖ਼ਬਾਰ ਖ਼ਿਲਾਫ਼ ਲੋਕਾਂ ਗੁੱਸਾ ਭੜਕ ਗਿਆ ਹੈ। ਭੜਕੇ ਮੁਜ਼ਾਹਰਾਕਾਰੀਆਂ ਨੇ ਰਾਜਧਾਨੀ ਇਸਲਾਮਾਬਾਦ ਸਥਿਤ ਅਖ਼ਬਾਰ ਦੇ ਦਫ਼ਤਰ ਨੂੰ ਕਰੀਬ ਤਿੰਨ ਘੰਟੇ ਤਕ ਘੇਰੀ ਰੱਖਿਆ ਤੇ ਉੱਥੇ ਕੰਮ ਕਰਨ ਵਾਲਿਆਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ।

ਡਾਨ ਅਖ਼ਬਾਰ ਨੇ ਆਪਣੇ ਸਿਰਲੇਖ ਲੰਡਨ ਬਿ੍ਜ 'ਤੇ ਅੱਤਵਾਦੀ ਹਮਲੇ 'ਚ ਦੋ ਲੋਕਾਂ ਨੂੰ ਮੌਤੇ ਦੇ ਘਾਟ ਉਤਾਰਨ ਵਾਲੇ ਹਮਲਾਵਰ ਉਸਮਾਨ ਖ਼ਾਨ ਨੂੰ ਪਾਕਿਸਤਾਨੀ ਮੂਲ ਦਾ ਬਰਤਾਨਵੀ ਨਾਗਰਿਕ ਲਿਖਿਆ ਸੀ ਜਦਕਿ ਦੂਜੇ ਪਾਕਿਸਤਾਨੀ ਅਖ਼ਬਾਰਾਂ ਨੇ ਹਮਲਾਵਰ ਨੂੰ ਬਰਤਾਨੀਆ 'ਚ ਪੈਦਾ ਹੋਇਆ ਤੋ ਉੱਥੇ ਪਲਿਆ ਵਧਿਆ ਦੱਸਿਆ ਸੀ। ਨਾਲ ਹੀ ਇਹ ਵੀ ਛਾਪਿਆ ਸੀ ਕਿ ਉਸਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਸੀ। ਉਸਮਾਨ ਨੇ ਪਿਛਲੇ ਹਫ਼ਤੇ ਲੰਡਨ ਬਿ੍ਜ 'ਤੇ ਹਮਲੇ ਨੂੰ ਅੰਜਾਮ ਦਿੱਤਾ ਸੀ। ਉਸ ਨੇ ਅੱਤਵਾਦੀ ਹਮਲੇ ਦੀ ਪਾਕਿਸਤਾਨ 'ਚ ਹੀ ਸਿਖਲਾਈ ਲਈ ਸੀ। ਉਸ ਦਾ ਬਚਪਨ ਪਾਕਿਸਤਾਨ 'ਚ ਹੀ ਬੀਤਿਆ ਸੀ। ਉਸ ਦਾ ਪਰਿਵਾਰ ਮੂਲ ਰੂਪ 'ਚ ਮਕਬੂਜ਼ਾ ਕਸ਼ਮੀਰ ਦਾ ਰਹਿਣ ਵਾਲਾ ਹੈ।

ਉਸਮਾਨ ਨੂੰ ਪਾਕਿਸਤਾਨੀ ਮੂਲ ਦਾ ਦੱਸਣ ਤੋਂ ਗੁੱਸੇ 'ਚ ਆਏ ਕੁਝ ਦਰਜਨ ਲੋਕਾਂ ਨੇ ਸੋਮਵਾਰ ਨੂੰ ਡਾਨ ਅਖ਼ਬਾਰ ਦੇ ਦਫ਼ਤਰ ਦੇ ਬਾਹਰ ਮੁਜ਼ਾਹਰੇ ਕੀਤੇ। ਲਿਖਤੀ ਮਾਫ਼ੀ ਤੇ ਅੜੇ ਮੁਜ਼ਾਹਰਾਕਾਰੀਆਂ ਨੇ ਕਰੀਬ ਤਿੰਨ ਘੰਟੇ ਤਕ ਅਖ਼ਬਾਰ ਦੇ ਕਿਸੇ ਮੁਲਾਜ਼ਮ ਨੂੰ ਨਾ ਤਾਂ ਦਫ਼ਤਰ 'ਚ ਜਾਣ ਦਿੱਤਾ ਤੇ ਨਾ ਹੀ ਬਾਹਰ ਨਿਕਲਣ ਦਿੱਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੇ ਅਖ਼ਬਾਰ ਤੇ ਡਾਨ ਟੀਵੀ ਦੇ ਕੁਝ ਮੁਲਾਜ਼ਮਾਂ ਨਾਲ ਦੁਰਵਿਹਾਰ ਵੀ ਕੀਤਾ। ਬਾਅਦ 'ਚ ਸਹਾਇਕ ਪੁਲਿਸ ਕਮਿਸ਼ਨਰ ਦੀ ਮੌਜੂਦਗੀ 'ਚ ਅਖ਼ਬਾਰ ਮੈਨੇਜਮੈਂਟ ਤੇ ਮੁਜ਼ਾਹਰਾਕਾਰੀਆਂ ਵਿਚਕਾਰ ਸੁਲਾਹ ਕਰਵਾਈ ਗਈ।