ਗੁਜਰਾਂਵਾਲਾ (ਏਜੰਸੀ) : ਪਾਕਿਸਤਾਨ ਸਰਕਾਰ ਦੀ ਵੱਡੀ ਲਾਪਰਵਾਹੀ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਦੇ ਗੁਜਰਾਂਵਾਲਾ ’ਚ ਸਥਿਤ ਜੱਦੀ ਹਵੇਲੀ ਦੀ ਛੱਤ ਸ਼ੁੱਕਰਵਾਰ ਨੂੰ ਡਿੱਗ ਗਈ। ਕੁਝ ਦਿਨ ਪਹਿਲਾਂ ਹੀ ਅਧਿਕਾਰੀਆਂ ਨੇ ਇਸ ਇਮਾਰਤ ਨੂੰ ਸੁਰੱਖਿਅਤ ਐਲਾਨਿਆ ਸੀ ਤੇ ਇਸ ਨੂੰ ਇਤਿਹਾਸਕ ਟੂਰਿਜ਼ਮ ’ਚ ਬਦਲਣ ਦੀ ਗੱਲ ਕਹੀ ਸੀ। ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਹਵੇਲੀ ਦਾ ਦੌਰਾ ਕੀਤਾ ਸੀ ਤੇ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨਿਆ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ਸੈਲਾਨੀਆਂ ਲਈ, ਖ਼ਾਸ ਤੌਰ ’ਤੇ ਭਾਰਤ ਤੋਂ ਆਉਣ ਵਾਲੇ ਸਿੱਖ ਯਾਤਰੀਆਂ ਲਈ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਨੂੰ ਇਸੇ ਹਵੇਲੀ ’ਚ ਹੋਇਆ ਸੀ। ਦੁਨੀਆ ਭਰ ਦੇ ਸਿੱਖਾਂ ਲਈ ਇਸ ਹਵੇਲੀ ਦਾ ਖ਼ਾਸ ਮਹੱਤਵ ਹੈ।

18ਵੀਂ ਸਦੀ ’ਚ ਇਸਦੇ ਆਸਪਾਸ ਹਰਿਆਲੀ ਤੇ ਖੁੱਲ੍ਹੀ ਥਾਂ ਸੀ, ਪਰ ਅੱਜ ਇਸ ਦੇ ਆਸਪਾਸ ਬਹੁਤ ਭੀਡ਼ ਭਡ਼ੱਕੇ ਵਾਲਾ ਮਾਹੌਲ ਹੈ ਕਿਉਂਕਿ ਇੱਥੇ ਨਾਜਾਇਜ਼ ਨਿਰਮਾਣ ਹੋ ਚੁੱਕੇ ਹਨ। ਸਥਾਨਕ ਲੋਕਾਂ ਵੱਲੋਂ ਸ਼ੇਅਰ ਕੀਤੇ ਵੀਡੀਓ ’ਚ ਪਤਾ ਲੱਗਦਾ ਹੈ ਕਿ ਜਿਹਡ਼ੀ ਜਾਇਦਾਦ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਰੁਤਬੇ ਦਾ ਨਿਸ਼ਾਨ ਸੀ, ਅੱਜ ਮਾਡ਼ੀ ਹਾਲਤ ’ਚ ਹੈ। ਇਕ ਸਥਾਨਕ ਵਿਅਕਤੀ ਨੇ ਕਿਹਾ ਕਿ ਹਵੇਲੀ ਦੇ ਸਾਹਮਣੇ ਇਕ ਨਾਜਾਇਜ਼ ਮੱਛੀ ਮਾਰਕੀਟ ਹੈ। ਇਸ ਵਿਰਾਸਤੀ ਹਵੇਲੀ ਦੀ ਮੁਰੰਮਤ ਲਈ ਕਈ ਵਾਰੀ ਫੰਡ ਜਾਰੀ ਕੀਤੇ ਗਏ ਸਨ, ਪਰ ਇਮਾਰਤ ਦੀ ਛੱਤ ਡਿੱਗਣਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਹਵੇਲੀ ਦਾ ਬਾਕੀ ਹਿੱਸਾ ਵੀ ਮਾਡ਼ੀ ਹਾਲਤ ’ਚ ਹੈ। ਹਵੇਲੀ ਦੇ ਬਾਹਰ ਇਕ ਪਾਰਕ ਬਣਾਇਆ ਗਿਆ ਸੀ, ਪਰ ਉੱਥੇ ਵੀ ਇਕ ਮੱਛੀ ਮਾਰਕੀਟ ਖੁੱਲ੍ਹ ਗਈ ਹੈ।

ਐਲਾਨੀ ਗਈ ਹੈ ਵਿਰਾਸਤੀ ਇਮਾਰਤ

ਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਇਸ ਇਮਾਰਤ ਨੂੰ ਵਿਰਾਸਤੀ ਇਮਾਰਤ ਐਲਾਨਿਆ ਸੀ, ਪਰ ਇੱਥੇ ਅਧਿਕਾਰੀ ਬਹੁਤ ਘੱਟ ਹੀ ਚੱਕਰ ਲਾਉਂਦੇ ਹਨ। ਪਾਕਿਸਤਾਨ ਸਰਕਾਰ ਵਲੋਂ ਇਸ ਦੀ ਮੁਰੰਮਤ ਲਈ ਜਾਰੀ ਕੀਤੇ ਫੰਡ ਦੀ ਇੱਥੇ ਵਰਤੋਂ ਨਹੀਂ ਕੀਤੀ ਗਈ। ਅਜਿਹੀਆਾਂ ਖ਼ਬਰਾਂ ਵੀ ਹਨ ਕਿ ਸਰਕਾਰ ਨੇ ਹਵੇਲੀ ਦੇ ਇਕ ਹਿੱਸੇ ਨੂੰ ਕੂਡ਼ੇ ਦੇ ਡੰਪ ’ਚ ਤਬਦੀਲ ਕਰ ਦਿੱਤਾ ਸੀ ਜਦਕਿ ਹੇਠਲੀ ਮੰਜ਼ਿਲ ’ਚ ਇਕ ਪੁਲਿਸ ਥਾਣਾ ਚੱਲ ਰਿਹਾ ਹੈ। ਬਾਅਦ ’ਚ ਸਰਕਾਰ ਨੇ ਇੱਥੋਂ ਡੰਪ ਹਟਾ ਦਿੱਤਾ ਤੇ ਇੱਥੇ ਪਾਰਕਿੰਗ ਬਣਾ ਦਿੱਤੀ।

Posted By: Seema Anand