ਏਜੰਸੀ, ਇਸਲਾਮਾਬਾਦ : ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਨੂੰ ਟੈਰਰ ਫੰਡਿੰਗ ਦੇ ਦੋ ਮਾਮਲਿਆਂ 'ਚ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਸਈਦ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਸਾਰੇ ਅੱਤਵਾਦੀ ਵਿੱਤੀ ਪੋਸ਼ਣ ਮਾਮਲਿਆਂ 'ਚ ਇਕੱਠੇ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ। ਦੱਸ ਦੇਈਏ ਕਿ ਮੁੰਬਈ ਹਮਲੇ 'ਚ 166 ਲੋਕ ਮਾਰੇ ਗਏ ਸਨ।

ਅੱਤਵਾਦ ਰੋਕੂ ਅਦਾਲਤ 11 ਦਸੰਬਰ ਤੋਂ ਸਈਦ ਤੇ ਹੋਰਨਾਂ ਖ਼ਿਲਾਫ਼ ਚੱਲ ਰਹੇ ਟੈਰਰ ਫੰਡਿੰਗ ਮਾਮਲੇ 'ਚ ਰੋਜ਼ਾਨਾ ਸੁਣਵਾਈ ਕਰ ਰਹੀ ਹੈ। ਸਈਦ ਖ਼ਿਲਾਫ਼ ਅੱਤਵਾਦੀ ਫੰਡਿੰਗ, ਮਨੀ ਲਾਂਡਰਿੰਗ ਤੇ ਨਾਜਾਇਜ਼ ਕਬਜ਼ੇ ਦੇ ਕੁੱਲ 29 ਮਾਮਲੇ ਦਰਜ ਹਨ। ਸਈਦ ਖ਼ਿਲਾਫ਼ ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ 'ਚ ਪਾਕਿਸਤਾਨ ਦੀ ਅੱਤਵਾਦੀ ਰੋਕੂ ਅਦਾਲਤ ਹੁਣ 18 ਫਰਵਰੀ ਨੂੰ ਸੁਣਵਾਈ ਕਰੇਗੀ।


ਇਨ੍ਹਾਂ ਮਾਮਲਿਆਂ 'ਚ ਉਸ ਦੇ ਖ਼ਿਲਾਫ਼ ਏਟੀਸੀ ਨੇ ਛੇ ਫਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਕੋਰਟ ਨੇ ਸ਼ਨਿਚਰਵਾਰ ਨੂੰ ਇਨ੍ਹਾਂ ਦੋ ਮਾਮਲਿਆਂ 'ਤੇ ਫੈਸਲਾ ਸੁਣਾਉਣਾ ਸੀ ਪਰ ਉਸ ਦੀ ਸੁਣਵਾਈ ਮੰਗਲਵਾਰ 11 ਫਰਵਰੀ ਨੂੰ ਕਰਨ ਦਾ ਫੈਸਲਾ ਕੀਤਾ ਸੀ। ਏਟੀਸੀ ਦਾ ਕਹਿਣਾ ਸੀ ਕਿ ਫੈਸਲਾ ਸੁਣਾਉਣ ਤੋਂ ਪਹਿਲਾਂ ਉਹ ਸਾਰੇ ਮਾਮਲਿਆਂ 'ਤੇ ਸੁਣਵਾਈ ਕਰੀ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਕੋਰਟ ਨੇ ਮੰਗਲਵਾਰ ਨੂੰ ਹਾਫ਼ਿਜ਼ ਸਈਦ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਛੇ ਮਾਮਲਿਆਂ ਦੀ ਇਕੱਠੇ ਸੁਣਵਾਈ ਕਰਨ ਤੇ ਫੈਸਲਾ ਸੁਣਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਮੁਤਾਬਕ ਸਈਦ, ਜ਼ਫ਼ਰ ਇਕਬਾਲ, ਯਾਹਿਆ ਅਜ਼ੀਜ਼, ਅਬਦੁਲ ਰਹਿਮਾਨ ਮੱਕੀ ਖ਼ਿਲਾਫ਼ ਚਾਰ ਹੋਰ ਟੈਰਰ ਫੰਡਿੰਗ ਮਾਮਲੇ ਉਸੇ ਏਟੀਸੀ ਸਾਹਮਣੇ ਲਟਕੇ ਹੋਏ ਹਨ।

ਪਾਕਿਸਤਾਨ ਦੇ ਅਖਬਾਰ ਡਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡਿਪਟੀ ਪ੍ਰੋਸੀਕਿਊਟਰ ਜਨਰਲ ਅਬਦੁੱਲ ਰਊਫ ਵੱਟੂ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਛੇ ਮਾਮਲੇ ਅਦਾਲਤ 'ਚ ਲੰਬਿਤ ਪਏ ਸਨ। ਇਨ੍ਹਾਂ 'ਚੋਂ ਚਾਰ 'ਚ ਸਬੂਤ ਪੇਸ਼ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਜਿਨ੍ਹਾਂ ਦੀ ਸੁਣਵਾਈ ਇਸ ਹਫ਼ਤੇ ਦੇ ਅੰਤ ਤਕ ਕਰ ਲਈ ਜਾਵੇਗੀ। ਦੱਸ ਦੇਈਏ ਕਿ ਸਈਦ ਨੂੰ 17 ਜੁਲਾਈ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਗੁੱਜਰਾਂਵਾਲਾ ਤੋਂ ਲਾਹੌਰ ਜਾ ਰਿਹਾ ਸੀ।

Posted By: Tejinder Thind