ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬਿਹਤਰ ਇਲਾਜ ਲਈ ਅਗਲੇ ਹਫ਼ਤੇ ਲੰਡਨ ਤੋਂ ਅਮਰੀਕਾ ਲਿਜਾਇਆ ਜਾ ਸਕਦਾ ਹੈ। ਸ਼ਰੀਫ਼ ਨੂੰ 19 ਨਵੰਬਰ ਨੂੰ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਪਾਕਿਸਤਾਨ ਤੋਂ ਲੰਡਨ ਲਿਜਾਇਆ ਗਿਆ ਸੀ। ਭਿ੍ਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸ਼ਰੀਫ਼ ਨੂੰ ਲਾਹੌਰ ਹਾਈ ਕੋਰਟ ਨੇ ਚਾਰ ਹਫ਼ਤਿਆਂ ਲਈ ਲੰਡਨ ਲਿਜਾਉਣ ਦੀ ਇਜਾਜ਼ਤ ਦਿੱਤੀ ਸੀ।

ਅਦਾਲਤ ਨੇ ਇਹ ਵੀ ਕਿਹਾ ਸੀ ਕਿ ਚਾਰ ਹਫ਼ਤੇ ਦੀ ਮਿਆਦ ਨੂੰ ਡਾਕਟਰਾਂ ਦੀ ਸਿਫ਼ਾਰਸ਼ 'ਤੇ ਵਧਾਇਆ ਵੀ ਜਾ ਸਕਦਾ ਹੈ। 'ਡਾਨ' ਅਖ਼ਬਾਰ ਨੇ ਸ਼ਰੀਫ਼ ਦੇ ਪਰਿਵਾਰ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਸ਼ਰੀਫ਼ 16 ਦਸੰਬਰ ਨੂੰ ਬਿਹਤਰ ਇਲਾਜ ਲਈ ਅਮਰੀਕਾ ਜਾ ਸਕਦੇ ਹਨ। ਲੰਡਨ ਵਿਚ ਹੋਏ ਮੈਡੀਕਲ ਟੈਸਟ ਤੋਂ ਪਤਾ ਚੱਲਿਆ ਹੈ ਕਿ ਪਲੇਟਲੈਟਸ ਘੱਟ ਹੋਣ ਕਾਰਨ ਸ਼ਰੀਫ਼ ਦੇ ਦਿਮਾਗ਼ ਦੇ ਇਕ ਹਿੱਸੇ ਵਿਚ ਖ਼ੂਨ ਦੀ ਸਪਲਾਈ ਵਿਚ ਰੁਕਾਵਟ ਆ ਰਹੀ ਹੈ। ਇਸ ਦੇ ਇਲਾਜ ਲਈ ਜਿਸ ਤਰ੍ਹਾਂ ਦੇ ਆਪ੍ਰਰੇਸ਼ਨ ਦੀ ਲੋੜ ਹੈ ਉਹ ਸਹੂਲਤ ਕੇਵਲ ਅਮਰੀਕਾ ਦੇ ਬੌਸਟਨ ਵਿਚ ਮੌਜੂਦ ਹੈ। ਸ਼ਰੀਫ਼ ਦੇ ਨਿੱਜੀ ਡਾਕਟਰ ਅਦਨਾਨ ਖ਼ਾਨ ਨੇ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਕਈ ਆਗੂ ਲੰਡਨ ਵਿਚ ਹਨ ਪ੍ਰੰਤੂ ਕਿਸੇ ਨੂੰ ਵੀ ਸ਼ਰੀਫ਼ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪੀਐੱਮਐੱਲ-ਐੱਨ ਦੇ ਮੁਖੀ ਸ਼ਰੀਫ਼ ਲੰਡਨ ਵਿਚ ਆਪਣੇ ਪੁੱਤਰ ਹਸਨ ਨਵਾਜ਼ ਦੇ ਏਵਨਫੀਲਡ ਸਥਿਤ ਫਲੈਟ ਵਿਚ ਰਹਿ ਰਹੇ ਹਨ।