ਰਾਜਿੰਦਰ ਸਿੰਘ ਰੂਬੀ, ਅਟਾਰੀ ਸਰਹੱਦ : ਟੈਲੀਫੋਨ 'ਤੇ ਪਾਕਿਸਤਾਨ ਦੀ ਔਰਤ ਨਾਲ ਨਿਕਾਹ ਕਰ ਕੇ ਉਸ ਨੂੰ ਮਿਲਣ ਪਾਕਿਸਤਾਨ ਗਿਆ ਦਿੱਲੀ ਦੇ ਚਾਂਦਨੀ ਚੌਕ ਦਾ ਰਹਿਣ ਵਾਲਾ ਅਫਜ਼ਲ ਅਹਿਮਦ 18 ਸਾਲ ਬਾਅਦ ਵਤਨ ਪਰਤ ਆਇਆ ਹੈ। ਪਿਛਲੇ ਦੋ ਸਾਲਾਂ ਤੋਂ ਉਹ ਲਾਹੌਰ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਸੀ। ਭਾਰਤ ਪਹੁੰਚਦੇ ਹੀ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਗਲ਼ੇ ਲਗਾ ਲਿਆ।

ਅਫਜ਼ਲ ਅਹਿਮਦ ਨੇ ਦੱਸਿਆ ਕਿ ਉਹ ਦਿੱਲੀ ਦੇ ਚਾਂਦਨੀ ਚੌਕ ਨੇੜੇ ਫ੍ਰੈਸ਼ ਖਾਨਾ ਦਾ ਰਹਿਣ ਵਾਲਾ ਹੈ। ਉਹ ਉਥੇ ਜੁੱਤਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸਤੰਬਰ 1997 ਨੂੰ ਉਸ ਨੇ ਪਾਕਿਸਤਾਨੀ ਔਰਤ ਮਸਰਤ ਕੁਰੈਸ਼ੀ ਨਾਲ ਟੈਲੀਫੋਨ 'ਤੇ ਨਿਕਾਹ ਕੀਤਾ ਸੀ। ਸਤੰਬਰ 2001 'ਚ ਉਹ ਪਤਨੀ ਨੂੰ ਮਿਲਣ ਲਈ ਇਕ ਮਹੀਨੇ ਦਾ ਵੀਜ਼ਾ ਲੈ ਕੇ ਦਿੱਲੀ-ਲਾਹੌਰ ਬੱਸ ਰਾਹੀਂ ਪਾਕਿਸਤਾਨ ਗਿਆ। ਉੱਥੇ ਜਾ ਕੇ ਉਹ ਰੂਪੋਸ਼ ਹੋ ਗਿਆ। ਕੁਝ ਸਮੇਂ ਬਾਅਦ ਉਸ ਦੀ ਪਤਨੀ ਪਰਿਵਾਰ ਨਾਲ ਇੰਗਲੈਂਡ ਚਲੀ ਗਈ ਅਤੇ ਉਹ ਪਾਕਿਸਤਾਨ ਵਿਚ ਹੀ ਰਹਿ ਗਿਆ। ਇੰਗਲੈਂਡ ਤੋਂ ਮਸਰਤ ਹਰ ਸਾਲ ਤਿੰਨ ਤੋਂ ਚਾਰ ਮਹੀਨੇ ਉਸ ਨੂੰ ਮਿਲਣ ਪਾਕਿਸਤਾਨ ਆਇਆ ਕਰਦੀ ਸੀ। ਸਾਲ 2015 'ਚ ਉਹ ਉਸ ਨੂੰ ਮਿਲਣ ਨਹੀਂ ਆਈ। ਉਸ ਨੇ ਮੈਸਿਜ ਕਰ ਕੇ ਦੱਸਿਆ ਕਿ ਹੁਣ ਉਹ ਉਸ ਨੂੰ ਮਿਲਣ ਨਹੀਂ ਆਵੇਗੀ। 2015 'ਚ ਹੀ ਪਾਕਿਸਤਾਨ ਦੀਆਂ ਖ਼ੁਫੀਆ ਏਜੰਸੀਆਂ ਨੇ ਅਫਜ਼ਲ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ। ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ 4 ਮਹੀਨੇ ਦੀ ਸਜ਼ਾ ਸੁਣਾਈ। ਸਜ਼ਾ ਜੁਲਾਈ 2016 'ਚ ਪੂਰੀ ਹੋ ਗਈ ਸੀ ਪਰ ਉਦੋਂ ਤੋਂ ਉਹ ਲਾਹੌਰ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਸੀ। ਹੁਣ ਪਾਕਿਸਤਾਨ ਸਰਕਾਰ ਨੇ ਉਸ ਨੂੰ ਰਿਹਾਅ ਕੀਤਾ ਹੈ।


ਲਾਹੌਰ ਜੇਲ੍ਹ 'ਚੋਂ ਸ਼ੁੱਕਰਵਾਰ ਸਵੇਰੇ ਪੁਲਿਸ ਉਸ ਨੂੰ ਲੈ ਕੇ ਵਾਹਗਾ ਸਰਹੱਦ 'ਤੇ ਪਹੁੰਚੀ ਅਤੇ ਪਾਕਿਸਤਾਨੀ ਰੇਂਜਰਜ਼ ਨੂੰ ਸੌਂਪ ਦਿੱਤਾ। ਪਾਕਿਸਤਾਨੀ ਰੇਂਜਰਜ਼ ਦੇ ਅਧਿਕਾਰੀ ਸੱਜਾਦ ਫਜ਼ਲ ਨੇ ਕਾਗਜ਼ੀ ਕਾਰਵਾਈ ਤੋਂ ਬਾਅਦ ਉਸ ਨੂੰ ਜ਼ੀਰੋ ਲਾਈਨ 'ਤੇ ਬੀਐੱਸਐੱਫ ਦੇ ਸਹਾਇਕ ਕਮਾਂਡੈਂਟ ਸੰਜੀਵ ਕੁਮਾਵਤ ਨੂੰ ਸੌਂਪ ਦਿੱਤਾ। ਬੀਐੱਸਐੱਫ ਨੇ ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅਫਜ਼ਲ ਨੂੰ ਤਹਿਸੀਲਦਾਰ ਜਸਬੀਰ ਸਿੰਘ ਦੇ ਹਵਾਲੇ ਕਰ ਦਿੱਤਾ, ਜਿਥੋਂ ਦਿੱਲੀ ਪੁਲਿਸ ਉਸ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ।


ਈਦੀ ਫਾਊਂਡੇਸ਼ਨ ਨੇ ਸ਼ਾਲ ਤੇ ਮਠਿਆਈ ਕੀਤੀ ਭੇਟ

ਅਫਜ਼ਲ ਅਹਿਮਦ ਰਿਹਾਈ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਜੁਆਇੰਟ ਚੈੱਕ ਪੋਸਟ ਅਟਾਰੀ ਤੋਂ ਭਾਰਤ ਆਇਆ। ਪਾਕਿਸਤਾਨ ਦੀ ਈਦੀ ਫਾਊਂਡੇਸ਼ਨ ਨੇ ਉਸ ਨੂੰ ਸ਼ਾਲ, ਮਠਿਆਈ ਦਾ ਡੱਬਾ ਅਤੇ 5 ਹਜ਼ਾਰ ਰੁਪਏ ਦੇ ਕੇ ਭੇਜਿਆ। ਇਸ ਮੌਕੇ ਅਫਜ਼ਲ ਨੇ ਕਿਹਾ ਕਿ ਉਹ ਵਤਨ ਆਉਣ 'ਤੇ ਖੁਸ਼ ਹੈ ਪਰ ਪਾਕਿਸਤਾਨ ਵਿਚ ਉਸ ਦੇ ਦੋ ਪੁੱਤਰ ਤੇ ਦੋ ਧੀਆਂ ਹੋਣ ਕਾਰਨ ਉਹ ਉਦਾਸ ਹੈ। ਉਸ ਨੇ ਕਿਹਾ ਕਿ ਉਹ ਹੁਣ ਕਾਨੂੰਨ ਦਾ ਸਹਾਰਾ ਲੈ ਕੇ ਆਪਣੇ ਪਰਿਵਾਰ ਨੂੰ ਭਾਰਤ ਬੁਲਾਵੇਗਾ।

Posted By: Seema Anand