ਪਿਸ਼ਾਵਰ (ਏਜੰਸੀ) : ਅੱਤਵਾਦ ਵਿਰੋਧੀ ਵਿਭਾਗ (CTD) ਦੀ ਖੈਬਰ ਪਖਤੂਨਖਵਾ ਬ੍ਰਾਂਚ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਉਰਦੂ ਅਖ਼ਬਾਰ ਜੰਗ ਨੇ ਮੰਗਲਵਾਰ ਨੂੰ ਆਪਣੀ ਖ਼ਬਰ ’ਚ ਕਿਹਾ ਕਿ ਸੀਟੀਡੀ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਖ਼ਤਰੇ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (PTI) ਦੇ ਚੇਅਰਮੈਨ ਇਮਰਾਨ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।

ਜੰਗ ਮੁਤਾਬਕ ਸੀਟੀਡੀ ਦੀ ਖੈਬਰ ਪਖਤੂਨਖਵਾ ਬ੍ਰਾਂਚ ਵੱਲੋਂ ਜਾਰੀ ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਮਰਾਨ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਦੇ ਇਕ ਹੱਤਿਆਰੇ ਤੋਂ ਮਦਦ ਮੰਗੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਖ਼ਬਰ ’ਚ ਕਿਹਾ ਗਿਆ ਹੈ ਕਿ ਸੀਟੀਡੀ ਨੇ 18 ਜੂਨ ਨੂੰ ਅਲਰਟ ਜਾਰੀ ਕੀਤਾ ਸੀ। ਧਮਕੀ ਨੂੰ ਗੁਪਤ ਰੱਖਣ ਤੇ ਇੰਟਰਨੈੱਟ ਮੀਡੀਆ ’ਤੇ ਲੀਕ ਹੋਣ ਤੋਂ ਰੋਕਣ ਦੇ ਹੁਕਮ ਦਿੱਤੇ ਗਏ ਸਨ।

ਪੀਟੀਆਈ ਨੇਤਾਵਾਂ ਨੇ ਹੁਣੇ ਜਿਹੇ ਖ਼ਾਨ ਦੀ ਜਾਨ ’ਤੇ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਹੱਤਿਆ ਲਈ ਇਕ ਹਤਿਆਰੇ ਨੂੰ ਹਾਇਰ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਪੀਟੀਆਈ ਨੇਤਾ ਫੈਆਜ਼ ਚੌਹਾਨ ਨੇ ਕਿਹਾ ਸੀ ਕਿ ਕੁਝ ਲੋਕਾਂ ਨੇ ਇਕ ਅੱਤਵਾਦੀ ਨੂੰ ਖਾਨ ਦੀ ਹੱਤਿਆ ਦਾ ਜ਼ਿੰਮਾ ਸੌਂਪਿਆ ਹੈ। ਸਾਬਕਾ ਸੂਬਾਈ ਮੰਤਰੀ ਨੇ ਇਕ ਟਵੀਟ ’ਚ ਕਿਹਾ ਕਿ ਮੇਰੇ ਕੋਲ ਜਾਣਕਾਰੀ ਹੈ ਕਿ ਕੁਝ ਲੋਕਾਂ ਨੇ ਅਫ਼ਗਾਨਿਸਤਾਨ ’ਚ ‘ਕੋਚੀ’ ਨਾਂ ਦੇ ਅੱਤਵਾਦੀ ਨੂੰ ਪੀਟੀਆਈ ਮੁਖੀ ਇਮਰਾਨ ਖ਼ਾਨ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਹੈ।

ਪੀਟੀਆਈ ਖ਼ਿਲਾਫ਼ ਵਿਦੇਸ਼ੀ ਚੰਦੇ ’ਤੇ ਚੋਣ ਕਮਿਸ਼ਨ ਦਾ ਫ਼ੈਸਲਾ ਸੁਰੱਖਿਅਤ

ਇਸਲਾਮਾਬਾਦ : ਪਾਕਿਸਤਾਨ ਦੇ ਸਿਖਰਲੇ ਚੋਣ ਅਦਾਰੇ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਖ਼ਿਲਾਫ਼ ਪਾਬੰਦੀਸ਼ੁਦਾ ਚੰਦਾ ਮਾਮਲੇ ’ਚ ਮੰਗਲਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਸੁਣਵਾਈ ਪੂਰੀ ਕਰ ਲਈ। ਪੀਟੀਆਈ ਦੇ ਸੰਸਥਾਪਕ ਮੈਂਬਰ ਅਕਬਰ ਐੱਸ ਬਾਬਰ ਨੇ ਪਾਕਿਸਤਾਨ ਚੋਣ ਕਮਿਸ਼ਨ ’ਚ 2014 ’ਚ ਮਾਮਲਾ ਦਾਖ਼ਲ ਕਰਵਾਇਆ ਸੀ। ਉਨ੍ਹਾਂ ਨੇ ਆਪਣੀ ਪਾਰਟੀ ’ਤੇ ਵੱਖ-ਵੱਖ ਵਿਦੇਸ਼ੀ ਦਾਨਕਰਤਾਵਾਂ ਤੋਂ ਹਾਸਲ ਚੰਦੇ ’ਚ ਵਿੱਤੀ ਬੇਨਿਯਮੀਆਂ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਪਾਬੰਦੀਸ਼ੁਦਾ ਸਰੋਤਾਂ ਤੋਂ ਚੰਦਾ ਨਹੀਂ ਲਿਆ ਗਿਆ।

Posted By: Seema Anand