ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀ ਪਾਰਟੀਆਂ ਨੂੰ ਵਿਦੇਸ਼ੀ ਚੰਦੇ ਦਾ ਮਾਮਲਾ (ਫਾਰੇਨ ਫੰਡਿੰਗ ਕੇਸ) ਵੱਡੇ ਹਥਿਆਰ ਦੇ ਰੂਪ ਵਿਚ ਮਿਲ ਗਿਆ ਹੈ। ਵਿਰੋਧੀ ਪਾਰਟੀਆਂ ਦੇ ਸੰਗਠਨ ਪੀਡੀਐੱਮ ਨੇ ਹੁਣ ਇਸ ਮਾਮਲੇ ਵਿਚ ਇਮਰਾਨ ਖ਼ਾਨ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਪੀਐੱਮਐੱਲ-ਨਵਾਜ਼ ਸਮੇਤ ਕਈ ਪਾਰਟੀਆਂ ਨੇ ਅਲੱਗ-ਅਲੱਗ ਥਾਵਾਂ 'ਤੇ ਰੈਲੀ ਕਰਦੇ ਹੋਏ ਚੋਣ ਕਮਿਸ਼ਨ ਦਫ਼ਤਰ ਦਾ ਿਘਰਾਉ ਕੀਤਾ। ਇਸ ਿਘਰਾਉ 'ਚ ਮਰੀਅਮ ਨਵਾਜ਼ ਸਮੇਤ ਕਈ ਆਗੂ ਸ਼ਾਮਲ ਹੋਏ। ਇੱਥੇ ਰੈਲੀ ਵਿਚ ਪੀਡੀਐੱਮ ਦੇ ਮੁਖੀ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਰਾਜਨੀਤੀ ਦੇ ਇਤਿਹਾਸ ਵਿਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਘੁਟਾਲਾ ਹੈ।

ਪੀਡੀਐੱਮ ਮੁਖੀ ਰਹਿਮਾਨ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਵਿਦੇਸ਼ਾਂ ਤੋਂ ਮਿਲੇ ਕਰੋੜਾਂ ਰੁਪਏ ਦੇ ਫੰਡ ਦੀ ਵਰਤੋਂ ਦੇਸ਼ ਵਿਚ ਸਿਆਸੀ ਅਰਾਜਕਤਾ ਅਤੇ ਚੋਣ ਵਿਚ ਹੇਰਾਫੇਰੀ ਲਈ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਸੱਤਾ ਦੇ ਦਬਾਅ ਵਿਚ ਇਸ ਨੂੰ ਛੇ ਸਾਲ ਤੋਂ ਲਗਾਤਾਰ ਲਟਕਾਇਆ ਜਾ ਰਿਹਾ ਹੈ।

ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਖ਼ਿਲਾਫ਼ ਵਿਦੇਸ਼ੀ ਫੰਡਿੰਗ ਕੇਸ ਨਵੰਬਰ 2014 ਵਿਚ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਫ਼ੈਸਲਾ ਲੈਣਾ ਹੈ। ਇਸ ਮਾਮਲੇ ਵਿਚ ਫ਼ੈਸਲੇ ਵਿਚ ਦੇਰੀ ਕੀਤੇ ਜਾਣ 'ਤੇ ਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਸਾਹਮਣੇ ਜ਼ਬਰਦਸਤ ਪ੍ਰਦਰਸ਼ਨ ਕੀਤਾ।

ਉਧਰ, ਸੈਨੇਟ (ਉੱਚ ਸਦਨ) ਦੇ ਉਪ ਪ੍ਰਧਾਨ ਸਲੀਮ ਮਾਂਡਵੀਵਾਲਾ ਨੇ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੂੰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਇਸ ਸਰਕਾਰੀ ਏਜੰਸੀ ਦੇ ਮਾਧਿਅਮ ਰਾਹੀਂ ਆਗੂਆਂ 'ਤੇ ਚਿੱਕੜ ਸੁੱਟਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਰੋਧੀ ਆਗੂ ਮੀਡੀਆ ਟ੍ਰਾਇਲ ਦਾ ਸਾਹਮਣਾ ਕਰ ਰਹੇ ਹਨ, ਦੂਜੇ ਪਾਸੇ ਐੱਨਏਬੀ ਵੀ ਚੁਣ-ਚੁਣ ਕੇ ਇਮਰਾਨ ਖ਼ਾਨ ਦੇ ਵਿਰੋਧੀਆਂ ਦਾ ਸ਼ੋਸ਼ਣ ਕਰ ਰਹੀ ਹੈ। ਇਹ ਏਜੰਸੀ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੀ ਸਹਾਇਕ ਸੰਸਥਾ ਦੇ ਰੂਪ ਵਿਚ ਕੰਮ ਕਰ ਰਹੀ ਹੈ।