international news ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨ ਨੇ ਆਪਣੀਆਂ ਸਾਰੀਆਂ ਖ਼ੁਫ਼ੀਆ ਏਜੰਸੀਆਂ ਵਿਚ ਤਾਲਮੇਲ ਬਣਾਉਣ ਲਈ ਨੈਸ਼ਨਲ ਇੰਟੈਲੀਜੈਂਸ ਕੋਆਰਡੀਨੇਸ਼ਨ ਕਮੇਟੀ (ਐੱਨਆਈਸੀਸੀ) ਦਾ ਗਠਨ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ 'ਤੇ ਮੋਹਰ ਲਗਾ ਦਿੱਤੀ ਹੈ। ਕਮੇਟੀ ਦੇ ਕੰਟਰੋਲ ਵਿਚ ਦੋ ਦਰਜਨ ਤੋਂ ਵੱਧ ਖ਼ੁਫ਼ੀਆ ਏਜੰਸੀਆਂ ਕੰਮ ਕਰਨਗੀਆਂ ਅਤੇ ਇੰਟਰ ਸਰਵਿਸਿਜ਼ (ਆਈਐੱਸਆਈ) ਦੇ ਡਾਇਰੈਕਟਰ ਜਨਰਲ ਨੂੰ ਹੀ ਇਸ ਦਾ ਚੇਅਰਮੈਨ ਬਣਾਇਆ ਗਿਆ ਹੈ। ਕਮੇਟੀ ਦੀ ਪਹਿਲੀ ਮੀਟਿੰਗ ਅਗਲੇ ਹਫ਼ਤੇ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਅੱਤਵਾਦ ਨੂੰ ਪਨਾਹ ਦੇਣ ਕਾਰਨ ਪਾਕਿਸਤਾਨ ਹੁਣ ਅੰਦਰੂਨੀ ਹਿੰਸਾ ਨਾਲ ਵੀ ਜੂਝ ਰਿਹਾ ਹੈ ਅਤੇ ਇਸ ਹਿੰਸਾ ਦੇ ਬਾਰੇ ਵਿਚ ਖ਼ੁਫ਼ੀਆ ਏਜੰਸੀਆਂ ਨੂੰ ਘੱਟ ਹੀ ਜਾਣਕਾਰੀ ਮਿਲਦੀ ਹੈ।

ਪਾਕਿਸਤਾਨ ਵਿਚ ਖ਼ੁਫ਼ੀਆ ਏਜੰਸੀਆਂ ਦੀ ਮਨਮਾਨੀ ਅਤੇ ਖਸਤਾ ਹਾਲ ਦਾ ਖ਼ੁਲਾਸਾ 2008 ਵਿਚ ਉਸ ਸਮੇਂ ਹੋਇਆ ਸੀ ਜਦੋਂ ਐਬਟਾਬਾਦ ਵਿਚ ਅਮਰੀਕਾ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਓਸਾਮਾ-ਬਿਨ-ਲਾਦੇਨ ਦੇ ਟਿਕਾਣੇ 'ਤੇ ਸਫਲ ਆਪ੍ਰਰੇਸ਼ਨ ਕਰਦੇ ਹੋਏ ਉਸ ਨੂੰ ਢੇਰ ਕਰ ਦਿੱਤਾ। ਇਹੀ ਨਹੀਂ ਉਸ ਦੀ ਲਾਸ਼ ਨੂੰ ਅਮਰੀਕੀ ਕਮਾਂਡੋ ਆਪਣੇ ਨਾਲ ਲੈ ਗਏ ਅਤੇ ਪਾਕਿਸਤਾਨ ਨੂੰ ਖ਼ਬਰ ਤਕ ਨਹੀਂ ਹੋਈ। ਖ਼ੁਫ਼ੀਆ ਏਜੰਸੀਆਂ ਦੀ ਇਸ ਅਸਫਲਤਾ ਪਿੱਛੋਂ ਐਬਟਾਬਾਦ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਨੇ ਆਪਣੀਆਂ 32 ਟਿੱਪਣੀਆਂ ਨਾਲ ਰਿਪੋਰਟ ਦਿੱਤੀ ਸੀ। ਦੋ ਦਰਜਨ ਖ਼ੁਫ਼ੀਆ ਏਜੰਸੀਆਂ ਨਾਲ ਹੀ ਨੈਸ਼ਨਲ ਕਾਊਂਟਰ ਟੈਰੋਰਿਜ਼ਮ ਅਥਾਰਟੀ ਵੀ ਐੱਨਆਈਸੀਸੀ ਦੇ ਹੀ ਕੰਟਰੋਲ ਵਿਚ ਹੋਵੇਗੀ।