ਇਸਲਾਮਾਬਾਦ (ਰਾਇਟਰ) : ਪਾਕਿਸਤਾਨ 'ਚ ਭਾਰੀ ਬਰਫ਼ਬਾਰੀ ਅਤੇ ਤੇਜ਼ ਬਾਰਿਸ਼ ਕਾਰਨ ਔਰਤਾਂ ਤੇ ਬੱਚਿਆਂ ਸਣੇ 75 ਲੋਕਾਂ ਦੀ ਮੌਤ ਹੋਈ ਹੈੇ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ 57 ਲੋਕ ਮਕਬੂਜ਼ਾ ਕਸ਼ਮੀਰ ਵਿਚ ਮਾਰੇ ਗਏ ਹਨ। ਕਈ ਇਲਾਕਿਆਂ 'ਚ ਸੜਕੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ।

ਮੀਡੀਆ ਰਿਪੋਰਟ ਮੁਤਾਬਿਕ ਬਰਫ਼ ਦੇ ਤੋਦੇ ਅਤੇ ਢਿੱਗਾਂ ਡਿੱਗਣ ਕਾਰਨ ਬਲੋਚਿਸਤਾਨ ਵਿਚ 17 ਅਤੇ ਪੰਜਾਬ ਵਿਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਕਬੂਜ਼ਾ ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ 57 ਲੋਕਾਂ ਦੀ ਮੌਤ ਹੋਈ ਹੈ। ਖ਼ਰਾਬ ਮੌਸਮ 'ਚ ਹੋਏ ਸੜਕ ਹਾਦਸਿਆਂ ਵਿਚ 40 ਲੋਕ ਜ਼ਖ਼ਮੀ ਵੀ ਹੋਏ ਹਨ।

ਪਾਕਿਸਤਾਨ ਦੇ ਰਾਹਤ, ਆਫ਼ਤ ਅਤੇ ਲੋਕ ਰੱਖਿਆ ਸਕੱਤਰ ਸੱਯਦ ਮੋਹੀਓਦੀਨ ਕਾਦਰੀ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਕਾਰਨ ਉੱਚਾਈ ਵਾਲੇ ਇਲਾਕਿਆਂ ਦਾ ਪੂਰੇ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਭਾਰੀ ਬਰਫ਼ਬਾਰੀ ਕਾਰਨ ਖੋਜਾਕ ਟਾਪ ਤੋਂ ਜ਼ਿਰਾਤ ਅਤੇ ਕੁਏਟਾ ਦਾ ਸੰਪਰਕ ਟੁੱਟ ਗਿਆ ਹੈ। ਕੁਏਟਾ-ਚਮਨ ਹਾਈਵੇ ਵੀ ਬੰਦ ਪਿਆ ਹੈ। ਖ਼ੈਬਰ ਪਖਤੂਨਖਵਾ ਸੂਬੇ 'ਚ ਕਰਾਕੋਰਮ ਹਾਈਵੇ ਢਿੱਗਾਂ ਡਿੱਗਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਬਾਰਿਸ਼ ਕਾਰਨ ਸਿਆਲਕੋਟ, ਗੁਜਰਾਤ ਅਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕੁਦਰਤੀ ਆਫ਼ਤ ਕਾਰਨ ਪਾਕਿਸਤਾਨ ਨੂੰ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਸੜਕਾਂ ਵੀ ਬੰਦ ਪਈਆਂ ਹਨ। ਮਕਬੂਜ਼ਾ ਕਸ਼ਮੀਰ ਵਿਚ ਹੋਈ ਬਰਫ਼ਬਾਰੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।