ਮਾਲਾਕੰਦ (ਏਜੰਸੀਆਂ) : ਪਾਕਿਸਤਾਨ ਵਿਚ ਸਰਕਾਰ ਦੀ ਧਮਕੀ, ਪੁਲਿਸ ਦੀ ਕਾਰਵਾਈ ਅਤੇ ਅੱਤਵਾਦੀ ਹਮਲੇ ਦਾ ਡਰ ਦਿਖਾਉਣ ਪਿੱਛੋਂ ਵੀ ਵਿਰੋਧੀ ਪਾਰਟੀਆਂ ਦੀਆਂ ਰੈਲੀਆਂ 'ਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਖ਼ੈਬਰ ਪਖਤੂਨਖਵਾ ਸੂਬੇ ਦੇ ਮਾਲਾਕੰਦ ਵਿਚ 11 ਵਿਰੋਧੀ ਪਾਰਟੀਆਂ ਨੇ ਮੁੜ ਰੈਲੀ ਕਰ ਕੇ ਇਮਰਾਨ ਸਰਕਾਰ 'ਤੇ ਗੰਭੀਰ ਦੋਸ਼ ਲਗਾਏ। ਸਰਕਾਰ ਨੂੰ ਉਖਾੜ ਸੁੱਟਣ ਲਈ ਖੁੱਲ੍ਹਾ ਐਲਾਨ ਕੀਤਾ ਅਤੇ ਸਰਕਾਰ ਨੂੰ ਪੂਰੀ ਤਰ੍ਹਾਂ ਨਿਕੰਮਾ ਅਤੇ ਲੁਟੇਰਾ ਦੱਸਿਆ।

ਰੈਲੀ ਵਿਚ ਵਿਰੋਧੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਪਾਰਟੀ (ਪੀਡੀਐੱਮ) ਦੇ ਪ੍ਰਧਾਨ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਸਲਾਮਾਬਾਦ ਵਿਚ 19 ਜਨਵਰੀ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਐੱਨਏਬੀ) ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਐੱਨਏਬੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਕੇ ਦਿਖਾਏ।

ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਵਿਚ ਆਰਥਿਕ ਸਥਿਤੀ ਗੜਬੜਾ ਗਈ ਹੈ। ਗ਼ਰੀਬੀ ਅਤੇ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ ਅਤੇ ਇਨ੍ਹਾਂ ਸਾਰੇ ਮੋਰਚਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਨਾਲ ਨਾਕਾਮ ਹੋ ਗਈ ਹੈ। ਉਨ੍ਹਾਂ ਮੱਛ ਖੇਤਰ ਵਿਚ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਦੇ ਕਤਲੇਆਮ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੌਕੇ 'ਤੇ ਜਾਣ ਦੀ ਥਾਂ ਉਲਟਾ ਪੀੜਤਾਂ ਨੂੰ ਆਪਣੇ ਕੋਲ ਬੁਲਾ ਰਹੇ ਹਨ। ਇਹ ਕਿਹੋ ਜਿਹਾ ਇਨਸਾਫ਼ ਹੈ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਨੇ ਦੇਸ਼ ਨੂੰ ਕਰਜ਼ 'ਚ ਡੁਬੋ ਦਿੱਤਾ ਹੈ। ਮਾਲਾਕੰਦ ਦੀ ਰੈਲੀ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਹੋਈ। ਇਸ ਤੋਂ ਪਹਿਲੇ ਬਹਾਵਲਪੁਰ ਰੈਲੀ ਵਿਚ ਵੀ ਇਹੀ ਸਥਿਤੀ ਸੀ। ਵਿਰੋਧੀ ਦਲਾਂ ਦੇ ਗੱਠਜੋੜ ਨੇ ਇਮਰਾਨ ਸਰਕਾਰ ਨੂੰ 31 ਜਨਵਰੀ ਤਕ ਉਖਾੜ ਸੁੱਟਣ ਦਾ ਅਲਟੀਮੇਟਮ ਦਿੱਤਾ ਹੋਇਆ ਹੈ।