ਨਵੀਂ ਦਿੱਲੀ (ਆਈਏਐੱਨਐੱਸ) : ਈਸਾਈ ਭਾਈਚਾਰੇ ਨੂੰ ਪਾਕਿਸਤਾਨ ਵਿਚ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਵਨ ਦੇ ਹਰ ਖੇਤਰ ਵਿਚ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਈਸਾਈਆਂ ਦੇ ਸ਼ੋਸ਼ਣ ਸਬੰਧੀ ਜਾਰੀ ਹੋਣ ਵਾਲੀ ਸਾਲਾਨਾ ਰਿਪੋਰਟ ਵਿਚ ਕਹੀ ਗਈ ਹੈ। ਈਸਾਈਆਂ 'ਤੇ ਤਸ਼ੱਦਦ ਕਰਨ ਵਾਲੇ 50 ਦੇਸ਼ਾਂ ਵਿਚ ਪਾਕਿਸਤਾਨ ਚੋਟੀ ਦੇ ਪੰਜ ਦੇਸ਼ਾਂ ਵਿਚ ਸ਼ਾਮਲ ਹੈ। ਇਨ੍ਹਾਂ ਸਾਰੇ ਦੇਸ਼ਾਂ ਵਿਚ ਧਰਮ ਦੇ ਆਧਾਰ 'ਤੇ ਈਸਾਈਆਂ ਦਾ ਸ਼ੋਸ਼ਣ ਹੁੰਦਾ ਹੈ।

ਵਰਲਡ ਵਾਚ ਸੂਚੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੋ ਲੋਕ ਇਸਲਾਮ ਧਰਮ ਛੱਡ ਕੇ ਈਸਾਈ ਬਣੇ ਹਨ, ਪਾਕਿਸਤਾਨ ਵਿਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ ਜਦਕਿ ਬਾਕੀ ਦੇ ਈਸਾਈਆਂ ਨਾਲ ਪਾਕਿਸਤਾਨ ਵਿਚ ਦੂਜੇ ਦਰਜੇ ਦੇ ਨਾਗਰਿਕਾਂ ਦਾ ਵਿਹਾਰ ਕੀਤਾ ਜਾਂਦਾ ਹੈ। ਰਿਪੋਰਟ ਵਿਚ ਪਾਕਿਸਤਾਨ ਨੂੰ ਕੱਟੜ ਇਸਲਾਮੀ ਦੇਸ਼ ਦੱਸਿਆ ਗਿਆ ਹੈ। ਈਸਾਈਆਂ ਦਾ ਸ਼ੋਸ਼ਣ ਕਰਨ ਵਾਲੇ ਦੇਸ਼ਾਂ ਦੀ ਇਹ ਸੂਚੀ ਈਸਾਈਆਂ ਦੀ ਸਥਿਤੀ 'ਤੇ ਕੰਮ ਕਰਨ ਵਾਲੀ ਅਮਰੀਕਾ ਦੀ ਓਪਨ ਡੋਰਸ ਨਾਂ ਦੀ ਸੰਸਥਾ ਤਿਆਰ ਕਰਦੀ ਹੈ। ਸੰਸਥਾ ਦੀ ਰਿਪੋਰਟ ਹਰ ਸਾਲ ਜਨਵਰੀ ਵਿਚ ਜਾਰੀ ਕੀਤੀ ਜਾਂਦੀ ਹੈ। ਇਸ ਵਿਚ ਸੰਸਥਾ ਦੇ ਵਰਕਰਾਂ ਵੱਲੋਂ ਭੇਜੇ ਗਏ ਅੰਕੜਿਆਂ ਦਾ ਜ਼ਿਕਰ ਹੁੰਦਾ ਹੈ।

2021 ਦੀ ਰਿਪੋਰਟ ਵਿਚ ਪਾਕਿਸਤਾਨ ਵਿਚ ਘੱਟ ਗਿਣਤੀ ਈਸਾਈ ਭਾਈਚਾਰੇ 'ਤੇ ਹੋਣ ਵਾਲੇ ਤਸ਼ੱਦਦ ਦਾ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿਚ ਈਸਾਈਆਂ ਦੀ ਗਿਣਤੀ ਬਹੁਤ ਘੱਟ ਹੈ, ਉਨ੍ਹਾਂ ਨੂੰ ਗੰਦਗੀ ਵਿਚ ਰਹਿਣਾ ਪੈਂਦਾ ਹੈ ਅਤੇ ਉਨ੍ਹਾਂ ਨਾਲ ਅਪਮਾਨਜਨਕ ਵਿਹਾਰ ਕੀਤਾ ਜਾਂਦਾ ਹੈ। ਉੱਥੇ ਗਿਰਜਾਘਰਾਂ ਦੀ ਹਾਲਤ ਵੀ ਖ਼ਰਾਬ ਹੈ।

ਹਿੰਦੂ ਆਬਾਦੀ ਦਾ ਬੁਰੀ ਤਰ੍ਹਾਂ ਸ਼ੋਸ਼ਣ

ਪਾਕਿਸਤਾਨ ਵਿਚ ਇਹ ਸਥਿਤੀ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਨਾਲ ਹੈ। ਹਿੰਦੂ ਘੱਟ ਗਿਣਤੀਆਂ ਵੀ ਅਜਿਹੇ ਹੀ ਤਸ਼ੱਦਦ ਦਾ ਸਾਹਮਣਾ ਕਰ ਰਹੀਆਂ ਹਨ ਜਦਕਿ ਸਿੰਧ ਸੂਬੇ ਦੇ ਉਮਰਕੋਟ, ਘੋਟਕੀ ਅਤੇ ਥੜਰਪਾਰਕਰ ਜ਼ਿਲਿ੍ਹਆਂ ਵਿਚ ਉਨ੍ਹਾਂ ਦੀ ਚੰਗੀ ਆਬਾਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਧਰਮ ਦੇ ਆਧਾਰ 'ਤੇ ਹੀ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ। ਗ਼ਰੀਬ ਘੱਟ ਗਿਣਤੀਆਂ ਸਰਕਾਰੀ ਲਾਭਾਂ ਤੋਂ ਵੰਚਿਤ ਰਹਿ ਜਾਂਦੀਆਂ ਹਨ।