ਬੀਜਿੰਗ (ਪੀਟੀਆਈ) : ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੜੇ ਹੀ ਿਢੱਠ ਢੰਗ ਨਾਲ ਅਰੁਨਾਚਲ ਪ੍ਰਦੇਸ਼ 'ਚ ਇਕ ਨਵਾਂ ਪਿੰਡ ਵਸਾਉਣ ਨੂੰ ਆਮ ਗੱਲ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਚੀਨ ਵਿਕਾਸ ਤੇ ਨਿਰਮਾਣ ਦੀਆਂ ਸਰਗਰਮੀਆਂ ਨੂੰ ਆਪਣੇ ਹੀ ਖੇਤਰ 'ਚ ਅੰਜਾਮ ਦੇ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੂਇੰਗ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ ਕਿ ਚੀਨ ਦੀ ਸਥਿਤੀ ਜੰਗਨਾਨ ਖੇਤਰ (ਦੱਖਣੀ ਤਿੱਬਤ) ਸਪੱਸ਼ਟ ਤੇ ਨਿਰੰਤਰ ਹੈ। ਅਸੀਂ ਕਦੇ ਵੀ ਕਥਿਤ 'ਅਰੁਨਾਚਲ ਪ੍ਰਦੇਸ਼' ਨੂੰ ਮਾਨਤਾ ਨਹੀਂ ਦਿੱਤੀ ਹੈ। ਚੀਨ ਦਾ ਦਾਅਵਾ ਹੈ ਕਿ ਅਰੁਨਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ, ਜਦਕਿ ਭਾਰਤ ਲਈ ਅਰੁਨਾਚਲ ਪ੍ਰਦੇਸ਼ ਹਮੇਸ਼ਾ ਹੀ ਉਸ ਦਾ ਸਰਹੱਦੀ ਉੱਤਰ ਪੂਰਬੀ ਸੂਬਾ ਹੈ। ਹੁਵਾ ਨੇ ਦਾਅਵਾ ਕੀਤਾ ਕਿ ਚੀਨ ਦੇ ਆਪਣੇ ਖੇਤਰ 'ਚ ਉਸ ਦਾ ਵਿਕਾਸ ਤੇ ਨਿਰਮਾਣ ਦੀਆਂ ਸਰਗਰਮੀਆਂ ਆਮ ਘਟਨਾ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੇ ਸਰਹੱਦੀ ਖੇਤਰਾਂ 'ਚ ਚੀਨ ਦੇ ਨਾਜਾਇਜ਼ ਨਿਰਮਾਣਾਂ 'ਤੇ ਭਾਰਤ ਸਰਕਾਰ ਦੀ ਪੂਰੀ ਨਜ਼ਰ ਹੈ ਤੇ ਉਹ ਦੇਸ਼ ਦੀ ਪ੍ਰਭੂਸੱਤਾ 'ਤੇ ਖ਼ਤਰਾ ਬਣਨ ਵਾਲੇ ਹਾਲਾਤ 'ਤੇ ਨਜ਼ਰ ਰੱਖ ਰਹੀ ਹੈ।

ਚੀਨੀ ਨਿਰਮਾਣ ਦੀ ਰਿਪੋਰਟ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨੱਪੇ-ਤੁਲੇ ਪ੍ਰਤੀਕਰਮ 'ਚ ਬੀਤੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਸਾਰੀਆਂ ਘਟਨਾਵਾਂ 'ਤੇ ਆਪਣੀ ਨਜ਼ਰ ਬਣਾਈ ਹੋਈ ਹੈ। ਨਾਲ ਹੀ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਏਕੀਕਰਨ ਲਈ ਜ਼ਰੂਰੀ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਸਰਹੱਦ 'ਤੇ ਨਿਰਮਾਣ ਕਾਰਜ ਰੋਕਿਆ ਜਾ ਚੁੱਕਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਸਰਹੱਦ 'ਤੇ ਸੜਕਾਂ ਤੇ ਪੁਲਾਂ ਸਮੇਤ ਮੁੱਢਲੇ ਢਾਂਚੇ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਹੈ। ਯਾਦ ਰਹੇ ਕਿ ਭਾਰਤ ਤੇ ਚੀਨ ਵਿਚਾਲੇ 3,488 ਕਿਲੋਮੀਟਰ ਦੀ ਸਰਹੱਦ (ਐੱਲਏਸੀ) ਨੂੰ ਲੈ ਕੇ ਵਿਵਾਦ ਹੈ। ਪੂਰਬੀ ਲੱਦਾਖ 'ਚ ਪਿਛਲੇ ਅੱਠ ਮਹੀਨਿਆਂ ਤੋਂ ਭਾਰਤੀ ਤੇ ਚੀਨੀ ਸਰਹੱਦਾਂ ਆਹਮੋ-ਸਾਹਮਣੇ ਹਨ।

ਜ਼ਿਕਰਯੋਗ ਹੈ ਕਿ ਹਾਲ 'ਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਭਾਰਤ ਦੇ ਉੱਤਰ ਪੂਰਬੀ ਸੂਬੇ ਅਰੁਨਾਚਲ ਪ੍ਰਦੇਸ਼ ਦੀ ਸਰਹੱਦ 'ਤੇ ਚੀਨ ਨੇ ਬਕਾਇਦਾ ਇਕ ਪਿੰਡ ਵਸਾ ਲਿਆ ਹੈ। ਅਰੁਨਾਚਲ ਦੇ ਸੁਬਨਸਿਰੀ ਜ਼ਿਲ੍ਹੇ ਦੇ ਉੱਪਰੀ ਹਿੱਸੇ 'ਚ ਸਰੀ ਚੂ ਨਦੀ ਦੇ ਕੰਢੇ 101 ਮਕਾਨਾਂ ਵਾਲਾ ਪਿੰਡ ਬਣਾਇਆ ਗਿਆ ਹੈ। ਇਸ ਦੀਆਂ ਤਸਵੀਰਾਂ ਸੈਟੇਲਾਈਟ ਤੋਂ ਦੇਖੀਆਂ ਗਈਆਂ ਹਨ। ਇਕ ਸਮਾਚਾਰ ਚੈਨਲ ਦੀ ਰਿਪੋਰਟ ਮੁਤਾਬਕ ਸੈਟੇਲਾਈਟ ਦੀਆਂ ਦੋ ਤਸਵੀਰਾਂ 'ਚ ਪਹਿਲੀ 26 ਅਗਸਤ 2019 ਦੀਆਂ ਹਨ ਤੇ ਜਿਸ 'ਚ ਕੋਈ ਨਿਰਮਾਣ ਕਾਰਜ ਨਹੀਂ ਹੋਇਆ ਸੀ ਤੇ ਨਾ ਹੀ ਉਥੇ ਕੋਈ ਆਬਾਦੀ ਸੀ। ਜਦਕਿ ਨਵੰਬਰ, 2020 ਦੀ ਤਸਵੀਰ 'ਚ ਕਤਾਰਬੱਧ ਮਕਾਨ ਦੇਖੇ ਜਾ ਸਕਦੇ ਹਨ।