ਲਾਹੌਰ (ਆਈਏਐੱਨਐੱਸ) : ਲਾਹੌਰ ਦੀ ਪੰਜਾਬ ਇੰਸਟੀਚਿਊਟ ਆਫ ਕਾਰਡਿਓਲੋਜੀ (ਪੀਆਈਸੀ) ਦੇ ਬਾਹਰ ਵਕੀਲਾਂ ਦੇ ਹਿੰਸਕ ਪ੍ਰਦਰਸ਼ਨ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਨਾ ਕਰ ਸਕਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਇਹ ਹਿੰਸਕ ਪ੍ਰਦਰਸ਼ਨ ਡਾਕਟਰਾਂ ਖ਼ਿਲਾਫ਼ ਇਕ ਵੀਡੀਓ ਵਾਇਰਲ ਹੋਣ ਪਿੱਛੋਂ ਕੀਤਾ ਗਿਆ। ਇਸ ਵੀਡੀਓ ਵਿਚ ਇਕ ਡਾਕਟਰ ਨੂੰ ਕੁਝ ਵਕੀਲਾਂ ਦੇ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਦਿਖਾਇਆ ਗਿਆ ਹੈ।

ਵੀਡੀਓ 'ਚ ਦਿਖਾਇਆ ਗਿਆ ਡਾਕਟਰ ਦੱਸ ਰਿਹਾ ਹੈ ਕਿ ਕੁਝ ਵਕੀਲਾਂ ਨੇ ਪੁਲਿਸ ਮੁਖੀ ਕੋਲ ਜਾ ਕੇ ਮੰਗ ਕੀਤੀ ਕਿ ਦੋ ਡਾਕਟਰਾਂ ਖ਼ਿਲਾਫ਼ ਏਟੀਏ ਦੀ ਧਾਰਾ 7 ਤਹਿਤ ਕਾਰਵਾਈ ਕੀਤੀ ਜਾਏ। ਇਸ ਵੀਡੀਓ ਨੂੰ ਲੈ ਕੇ ਕੁਝ ਵਕੀਲ ਉਕਤ ਹਸਪਤਾਲ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤੇ ਉਨ੍ਹਾਂ ਹਸਪਤਾਲ ਦੇ ਬਾਹਰਲਾ ਗੇਟ ਬੰਦ ਕਰ ਦਿੱਤਾ ਜਿਸ ਕਾਰਨ ਬਾਅਦ ਵਿਚ ਹਿੰਸਕ ਘਟਨਾਵਾਂ ਵਾਪਰੀਆਂ।

ਤਿੰਨ ਮਰੀਜ਼ ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਸ਼ਾਮਲ ਸੀ ਦੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ। ਸਿਹਤ ਮੰਤਰੀ ਯਾਸਮੀਨ ਰਸ਼ੀਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਘਟਨਾ ਦੀ ਜਾਣਕਾਰੀ ਦਿੱਤੀ। ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਨੇ ਟਵੀਟ ਕਰ ਕੇ ਦੱਸਿਆ ਕਿ ਹਿੰਸਕ ਘਟਨਾਵਾ ਨਾਲ ਜੁੜੇ 40 ਵਕੀਲਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਪ੍ਰੰਤੂ ਬਾਅਦ ਵਿਚ ਚਾਰ ਔਰਤ ਵਕੀਲਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਕਈ ਹੋਰ ਵਕੀਲਾਂ ਦੀਆਂ ਗਿ੍ਫ਼ਤਾਰੀਆਂ ਕਰਨੀਆਂ ਅਜੇ ਬਾਕੀ ਹਨ। ਦੱਸਣਯੋਗ ਹੈ ਕਿ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੇ ਮੀਡੀਆ ਨਾਲ ਵੀ ਬਦਸਲੂਕੀ ਕੀਤੀ ਤੇ ਉਨ੍ਹਾਂ 'ਤੇ ਪਥਰਾਅ ਕੀਤਾ। 'ਡਾਨ' ਦੀ ਔਰਤ ਪੱਤਰਕਾਰ ਵੀ ਹਿੰਸਕ ਘਟਨਾਵਾਂ 'ਚ ਜ਼ਖ਼ਮੀ ਹੋ ਗਈ ਤੇ ਉਸ ਦਾ ਮੋਬਾਈਲ ਫੋਨ ਵੀ ਕਿਸੇ ਨੇ ਖੋਹ ਲਿਆ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬਜ਼ਦਾਰ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।