ਪਰਮਜੀਤ ਸਿੰਘ ਸਾਸਨ

ਇਮਰਾਨ ਖ਼ਾਨ ਨੇ ਜਦੋਂ ਤੋਂ ਦੇਸ਼ ਦੀ ਵਾਗਡੋਰ ਸੰਭਾਲੀ ਹੈ ਉਨ੍ਹਾਂ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸ਼ੁਰੂ ਤੋਂ ਹੀ ਉਨ੍ਹਾਂ ਨੂੰ ਮਾੜੇ ਅਰਥਚਾਰੇ ਦਾ ਸਾਹਮਣਾ ਕਰਨਾ ਪਿਆ। ਹੁਣ ਸਿੰਧ ਤੇ ਬਲੋਚਿਸਤਾਨ ਵਿਚ ਬਗ਼ਾਵਤੀ ਸੁਰਾਂ ਨੇ ਉਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਬਲੋਚਿਸਤਾਨ ਦੇ ਲੋਕ ਆਪਣੇ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ। ਪਿਛਲੇ ਦਿਨੀਂ 11 ਖਾਣ ਮਜ਼ਦੂਰਾਂ ਦੀ ਬੇਰਹਿਮੀ ਨਾਲ ਹੱਤਿਆ ਨੇ ਇਸ ਵਿਦਰੋਹ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਬਲੋਚਿਸਤਾਨ ਦੇ ਲੋਕ ਹੁਣ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਸਿੰਧ ਵਿਚ ਵੀ ਫੈਡਰਲ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ। ਸਿੰਧੀ ਲੋਕ ਵੱਖਰੇ ਸਿੰਧੂ ਦੇਸ਼ ਦੀ ਮੰਗ ਕਰ ਰਹੇ ਹਨ। ਬੀਤੇ ਦਿਨਂੀਂ ਇੱਥੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰ ਕੇ ਇਮਰਾਨ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੇ ਜਾ ਰਹੇ ਵਿਤਕਰੇ ਨੂੰ ਉਜਾਗਰ ਕੀਤਾ ਗਿਆ। ਵਿਦੇਸ਼ਾਂ ਵਿਚ ਵੱਸਦਾ ਸਿੰਧੀ ਭਾਈਚਾਰਾ ਅਕਸਰ ਪਾਕਿ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਾ ਰਹਿੰਦਾ ਹੈ। ਸਿੰਧੀ ਲੋਕਾਂ ਦਾ ਦੋਸ਼ ਹੈ ਕਿ ਫੈਡਰਲ ਸਰਕਾਰ ਨੇ ਸਿੰਧ ਦੇ ਦੋ ਟਾਪੂਆਂ ਨੂੰ ਚੀਨ ਨੂੰ ਵੇਚ ਦਿੱਤਾ ਹੈ ਤੇ ਭਵਿੱਖ ਵਿਚ ਵੀ ਹੋਰ ਇਲਾਕੇ ਚੀਨ ਨੂੰ ਦਿੱਤੇ ਜਾ ਸਕਦੇ ਹਨ। ਇਸ ਲਈ ਸਿੰਧੀ ਲੋਕ ਵੱਖਰੇ ਸਿੰਧੂ ਦੇਸ਼ ਦੀ ਮੰਗ ਕਰ ਰਹੇ ਹਨ।

ਚੋਣ ਕਮਿਸ਼ਨ ਵੱਲੋਂ 154 ਐੱਮਪੀਜ਼ ਤੇ ਵਿਧਾਇਕ ਮੁਅੱਤਲ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ 'ਤੇ 154 ਐੱਮਪੀਜ਼ ਤੇ ਸੂਬਾਈ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਤਿੰਨ ਸੈਨੇਟਰਾਂ ਮੁਸਾਦਿਕ ਮਸੂਦ ਮਲਿਕ, ਕਾਮਰਾਨ ਮਾਈਕਲ ਤੇ ਸ਼ਮੀਮ ਅਫ਼ਰੀਦੀ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਕੌਮੀ ਅਸੈਂਬਲੀ ਤੋਂ ਮੁਅੱਤਲ ਕੀਤੇ ਗਏ 48 ਮੈਂਬਰਾਂ ਵਿੱਚੋਂ ਚੌਧਰੀ ਵਫਾਦ ਹੁਸੈਨ, ਅਲੀ ਜ਼ੈਦੀ, ਅਮੀਰ ਲਿਆਕਤ ਹੁਸੈਨ, ਡਾ. ਫੇਹਮਿਦਾ ਮਿਰਜ਼ਾ, ਮੋਹਸਿਨ ਡਾਵਰ, ਖ਼ਾਲਿਦ ਮਕਬੂਲ ਸਿੱਦੀਕੀ ਦੇ ਨਾਂ ਵਰਣਨਯੋਗ ਹਨ। ਚੌਧਰੀ ਨਿਸਾਰ ਅਲੀ ਖ਼ਾਨ ਜਿਨ੍ਹਾਂ ਅਜੇ ਸਹੁੰ ਨਹੀਂ ਚੁੱਕੀ ਪੰਜਾਬ ਦੇ ਉਨ੍ਹਾਂ 52 ਵਿਧਾਇਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਖ਼ੈਬਰ ਪਖਤੂਨਖਵਾ ਸੂਬੇ ਦੇ 26 ਵਿਧਾਇਕਾਂ ਨੂੰ ਮੁਅੱਤਲ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ ਮੁਤਾਬਕ ਸਾਰੇ ਐੱਮਪੀਜ਼ ਤੇ ਵਿਧਾਇਕਾਂ ਨੂੰ ਹਰ ਸਾਲ ਦਸੰਬਰ ਤਕ ਆਪਣੀ ਤੇ ਪਰਿਵਾਰ ਦੀ ਜਾਇਦਾਦ ਦਾ ਵੇਰਵਾ ਦੇਣਾ ਹੁੰਦਾ ਹੈ ਤੇ ਵੇਰਵੇ ਨਾ ਦੇਣ ਕਾਰਨ ਇਨ੍ਹਾਂ ਦੀ ਮੈਂਬਰੀ ਅਸਥਾਈ ਤੌਰ 'ਤੇ ਮੁਅੱਤਲ ਕੀਤੀ ਗਈ ਹੈ। ਵੇਰਵੇ ਦੇਣ ਪਿੱਛੋਂ ਮੈਂਬਰਸ਼ਿਪ ਮੁੜ ਬਹਾਲ ਕਰ ਦਿੱਤੀ ਜਾਵੇਗੀ। ਚੋਣ ਕਮਿਸ਼ਨ ਦੇ ਚੋਣ ਐਕਟ 2017 ਦੀ ਧਾਰਾ 137 ਤਹਿਤ ਹਰੇਕ ਚੁਣੇ ਗਏ ਮੈਂਬਰ ਲਈ ਹਰ ਸਾਲ ਦਸੰਬਰ ਤਕ ਜਾਇਦਾਦ ਦਾ ਵੇਰਵਾ ਦੇਣਾ ਜ਼ਰੂਰੀ ਹੈ।

ਪਾਕਿ ਵੱਲੋਂ ਚੀਨੀ ਵੈਕਸੀਨ ਦੀ ਸਿਫ਼ਾਰਸ਼

ਪਾਕਿਸਤਾਨ ਸਰਕਾਰ ਨੇ ਕੋਿੋਵਡ ਮਹਾਮਾਰੀ ਨਾਲ ਹੰਗਾਮੀ ਹਾਲਾਤ 'ਚ ਨਿਪਟਣ ਲਈ ਚੀਨੀ ਕੰਪਨੀ ਸਾਈਨੋਫਾਰਮ ਦੀ ਵੈਕਸੀਨ ਦੀ ਸਿਫ਼ਾਰਸ਼ ਕੀਤੀ ਹੈ। ਪਾਕਿ 'ਚ ਇਸ ਸਮੇਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ। ਇਹ ਫ਼ੈਸਲਾ ਡਰੱਗ ਰੈਗੂਲੇਟਰੀ ਅਥਾਰਟੀ ਪਾਕਿਸਤਾਨ (ਡੀਆਰਏਪੀ) ਦੀ ਚਾਰ ਰੋਜ਼ਾ ਮੀਟਿੰਗ ਪਿੱਛੋਂ ਲਿਆ ਗਿਆ। ਸਰਕਾਰ ਦੇ ਇਸ ਫ਼ੈਸਲੇ ਪਿੱਛੋਂ ਹੁਣ ਫੈਡਰਲ ਸੂਬਾਈ ਸਰਕਾਰਾਂ ਤੇ ਨਿੱਜੀ ਸੈਕਟਰ ਲੋੜੀਂਦੀ ਵੈਕਸੀਨ ਦੀ ਚੀਨ ਤੋਂ ਦਰਾਮਦ ਕਰ ਸਕੇਗਾ। ਸਾਇੰਸ ਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਕਿਸਤਾਨ 12 ਲੱਖ ਕੋਵਿਡ-19 ਦੀ ਡੋਜ਼ ਚੀਨ ਦੀ ਸਾਈਨੋਫਾਰਮ ਕੰਪਨੀ ਤੋਂ ਖ਼ਰੀਦੇਗਾ। ਸਾਈਨੋਫਾਰਮ ਵੱਲੋਂ ਕੀਤੇ ਤੀਜੇ ਪੜਾਅ ਦੇ ਤਜਰਬੇ ਤੋਂ ਇਸ ਵੈਕਸੀਨ ਦੀ 79 ਫ਼ੀਸਦੀ ਸਫਲਤਾ ਦਾ ਪਤਾ ਲੱਗਾ ਸੀ। ਦੇਸ਼ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 5,21,211 ਤਕ ਪੁੱਜ ਗਈ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 1,900 ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰਟ ਕੰਪਲੈਕਸ 'ਚ ਜਿਓ ਦੇ ਕੈਮਰਾਮੈਨ ਦੀ ਕੁੱਟਮਾਰ

ਇਸਲਾਮਾਬਾਦ ਦੇ ਫੈਡਰਲ ਜੁਡੀਸ਼ੀਅਲ ਕੰਪਲੈਕਸ ਵਿਚ ਕਵਰੇਜ ਕਰਨ ਗਏ ਜਿਓ ਨਿਊਜ਼ ਦੇ ਕੈਮਰਾਮੈਨ ਦੀ ਇਕ ਵਿਚਾਰ ਅਧੀਨ ਕੈਦੀ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੈਦੀ ਨੂੰ ਬੈਰਿਸਟਰ ਫਾਹਦ ਮਲਿਕ ਦੀ ਹੱਤਿਆ ਦੇ ਮਾਮਲੇ ਵਿਚ ਪੇਸ਼ੀ ਲਈ ਅਦਾਲਤ ਵਿਚ ਲਿਆਂਦਾ ਗਿਆ ਸੀ। ਜਦੋਂ ਜਿਓ ਨਿਊਜ਼ ਦੇ ਕੈਮਰਾਮੈਨ ਇਰਾਮ ਸ਼ਾਹਜ਼ਾਦ ਨਾਸਿਰ ਮੁਗਲ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੱਥਕੜੀ ਨਾਲ ਉਸ 'ਤੇ ਕਈ ਵਾਰ ਕੀਤੇ। ਇਸ ਸਮੇਂ ਉਸ ਦੇ ਕਈ ਸਾਥੀਆਂ ਨੇ ਵੀ ਉਸ ਦਾ ਸਾਥ ਦਿੱਤਾ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਰਾਮਨਾ ਪੁਲਿਸ ਨੇ ਧਾਰਾ 382, 506, 427, 147, 149 ਤਹਿਤ ਐੱਫਆਈਆਰ ਨੰ: 27/21 ਦਰਜ ਕੀਤੀ ਹੈ। ਜਿਓ ਦੇ ਕੈਮਰਾਮੈਨ ਨਾਸਿਰ ਮੁਗਲ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਆਦਾ ਸੱਟਾਂ ਲੱਗਣ ਕਾਰਨ ਨਾਸਿਰ ਮੁਗਲ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਹਮਲਾ ਕਰਨ ਵਾਲੇ ਕੈਦੀ ਦੇ 10 ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਐੱਸਐੱਸਪੀ ਮੁਸਤਫਾ ਤਨਵੀਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।