ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ ਕਰਾਚੀ ਜਾ ਰਹੀ ਤੇਜ਼ ਰਫ਼ਤਾਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਉਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ। ਸ਼ਨਿਚਰਵਾਰ ਨੂੰ ਤੇਜ਼ ਰਫ਼ਤਾਰ ਨਾਲ ਜਾ ਰਹੀ ਇਹ ਬੱਸ ਪਹਿਲਾ ਪਲਟ ਗਈ ਤੇ ਫਿਰ ਇਸ ਨੂੰ ਅੱਗ ਲੱਗ ਗਈ। ਪੁਲਿਸ ਅਨੁਸਾਰ ਨੂਰੀਆਬਾਦ ਖੇਤਰ ਵਿਚ ਪੇਸ਼ ਆਏ ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਸ ਵਿਚ 22 ਲੋਕ ਸਵਾਰ ਸਨ। ਜ਼ਿਆਦਾਤਰ ਮੌਤਾਂ ਬੱਸ ਵਿਚ ਫੱਸ ਜਾਣ ਕਾਰਨ ਹੋਈਆਂ। ਹਾਦਸੇ 'ਚ ਜ਼ਖ਼ਮੀ ਹੋਏ ਪੰਜ ਲੋਕਾਂ ਦੀ ਹਾਲਤ ਕਾਫ਼ੀ ਗੰਭੀਰ ਹੈ। ਇਹ ਬੱਸ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਹੀ ਗਈ ਸੀ ਜਦੋਂ ਹਾਦਸਾ ਵਾਪਰ ਗਿਆ। ਈਦੀ ਦੀਆਂ ਐਂਬੂਲੈਂਸ ਤੇ ਰਾਹਤ ਕਾਮਿਆਂ ਨੇ ਮੌਕੇ 'ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕੀਤੇ।