ਇਸਲਾਮਾਬਾਦ (ਆਈਏਐੱਨਐੱਸ) : ਇਕ ਸਾਲ ਬਾਅਦ ਕਰੀਬ 100 ਹਿੰਦੂ ਯਾਤਰੀ ਸ਼ਨਿਚਰਵਾਰ ਨੂੰ ਲਹਿੰਦੇ ਪੰਜਾਬ 'ਚ ਸਥਿਤ ਕਟਾਸ ਰਾਜ ਮੰਦਰ ਦੇ ਦਰਸ਼ਨ ਕਰਨ ਜਾਣਗੇ। ਇਹ ਹਿੰਦੂ ਯਾਤਰੀ ਸ਼ੁੱਕਰਵਾਰ ਨੂੰ ਵਾਹਗਾ ਸਰਹੱਦ ਪਾਰ ਕਰਨਗੇ ਤੇ ਸ਼ਨਿਚਰਵਾਰ ਨੂੰ ਕਟਾਸ ਰਾਜ ਜਾਣਗੇ। ਇਵਾਕਿਊ ਪ੍ਰਾਪਰਟੀ ਟਰੱਸਟ ਬੋਰਡ ਦੇ ਡਿਪਟੀ ਸਕੱਤਰ ਸੱਯਦ ਫਰਾਜ਼ ਅੱਬਾਸ ਨੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ ਕਟਾਸ ਰਾਜ ਲਈ 200 ਹਿੰਦੂ ਯਾਤਰੀਆਂ ਲਈ ਯਾਤਰਾ ਦਾ ਪ੍ਰਬੰਧ ਕੀਤਾ ਹੈ ਜੋੋਕਿ ਹਰ ਦੋ ਸਾਲ ਬਾਅਦ ਕਟਾਸ ਰਾਜ ਆਉਂਦੇ ਹਨ। ਇਹ ਯਾਤਰੀ ਨਵੰਬਰ ਅਤੇ ਦਸੰਬਰ ਮਹੀਨਿਆਂ ਦੌਰਾਨ ਪਾਕਿਸਤਾਨ ਆਉਂਦੇ ਹਨ। ਸਾਬਕਾ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਸਰਕਾਰ ਨੇ ਯਾਤਰੀਆਂ ਦੀ ਰਿਹਾਇਸ਼ ਲਈ 36 ਕਮਰਿਆਂ ਦਾ ਹੋਸਟਲ ਤਿਆਰ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਜੋਕਿ ਅਜੇ ਤਕ ਮੁਕੰਮਲ ਨਹੀਂ ਹੋਇਆ। ਕਟਾਸ ਰਾਜ ਮੰਦਰ ਕਈ ਮੰਦਰਾਂ ਦਾ ਸਮੂਹ ਹੈ ਤੇ ਇਥੇ ਪਵਿੱਤਰ ਤਲਾਬ ਵੀ ਹੈ।