ਕਰਾਚੀ (ਪੀਟੀਆਈ) : ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਤਣਾਅਪੂਰਨ ਹਾਲਾਤ ਦਰਮਿਆਨ ਪਾਕਿਸਤਾਨ ਨੇ ਐਤਵਾਰ ਨੂੰ 100 ਭਾਰਤੀ ਮਛੇਰਿਆਂ ਨੂੰ ਆਪਣੀਆਂ ਜੇਲ੍ਹਾਂ ਤੋਂ ਰਿਹਾਅ ਕੀਤਾ। ਪਾਕਿਸਤਾਨ ਨੇ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਵਧਾਉਣ ਲਈ ਚੁੱਕਿਆ ਹੈ। ਪਾਕਿਸਤਾਨ ਨੇ ਇਸ ਮਹੀਨੇ ਚਾਰ ਪੜਾਵਾਂ 'ਚ ਭਾਰਤ ਦੇ 360 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।

ਰਿਹਾਈ ਤੋਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ 100 ਭਾਰਤੀ ਮਛੇੇਰਿਆਂ ਦਾ ਜਥਾ ਕਰਾਚੀ ਕੰਟੋਨਮੈਂਟ ਰੇਲਵੇ ਸਟੇਸ਼ਨ ਪੁੱਜਾ ਜਿੱਥੋਂ ਅਲਾਮਾ ਇਕਬਾਲ ਐਕਸਪ੍ਰੈੱਸ ਰਾਹੀਂ ਇਨ੍ਹਾਂ ਰਿਹਾਅ ਮਛੇਰਿਆਂ ਨੂੰ ਲਾਹੌਰ ਲਿਆਂਦਾ ਗਿਆ। ਨਜ਼ਦੀਕ ਸਥਿਤ ਵਾਹਗਾ ਸਰਹੱਦ 'ਤੇ ਇਨ੍ਹਾਂ ਮਛੇਰਿਆਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ। ਇਹ ਮਛੇਰੇ ਸਮੁੰਦਰ 'ਚ ਮੱਛੀਆਂ ਫੜਦਿਆਂ ਪਾਕਿਸਤਾਨੀ ਜਲ ਸੀਮਾ 'ਚ ਪੁੱਜ ਗਏ ਸਨ ਤੇ ਉੱਥੇ ਇਨ੍ਹਾਂ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਕਰ ਲਿਆ ਸੀ।

ਪਾਕਿਸਤਾਨ ਦੇ ਸਮਾਜਿਕ ਸੰਗਠਨ ਈਦੀ ਫਾਊਂਡੇਸ਼ਨ ਨੇ ਰਿਹਾਅ ਹੋਏ ਮਛੇਰਿਆਂ ਨੂੰ ਯਾਤਰਾ ਖ਼ਰਚ ਤੇ ਤੋਹਫੇ ਆਦਿ ਦਿੱਤੇ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਆਸ ਕੀਤੀ ਗਈ ਸੀ ਕਿ ਭਾਰਤ ਵੀ ਜਵਾਬ ਵਿਚ ਅਜਿਹਾ ਹੀ ਸਦਭਾਵਨਾ ਵਾਲਾ ਕਦਮ ਉਠਾਏਗਾ।