ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ ਬੀਅਰਡ ਐਂਡ ਮਸਟੈਸ਼ ਕੰਪੀਟੀਸ਼ਨ' ਇਸ ਵਾਰ ਛੇਵੇਂ ਸਾਲ ਵਿਚ ਦਾਖ਼ਲ ਹੋ ਗਿਆ। ਇਸ ਵਾਰ ਇਹ ਮੁਕਾਬਲਾ ਪੰਜਾਬੀ ਭਾਈਚਾਰੇ ਲਈ ਕੁਝ ਖ਼ਾਸ ਰਿਹਾ ਕਿਉਂਕਿ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਨੇ ਗਾਇਕ ਹਰਦੀਪ ਗਿੱਲ ਦੇ ਗੀਤ ਕਿ 'ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ' ਨੂੰ ਦੁਹਰਾ ਦਿੱਤਾ। ਇਹ ਨੌਜਵਾਨ ਬੀਤੇ ਦਿਨੀਂ 'ਦਾੜ੍ਹੀ ਅਤੇ ਮੁੱਛਾਂ' ਦੇ ਹੋਏ ਮੁਕਾਬਲੇ 'ਚ 'ਬੈਸਟ ਮੁੱਛਾਂ' ਦਾ ਅਤੇ 'ਬੈਸਟ ਰੱਖ-ਰਖਾਅ' ਐਵਾਰਡ ਆਪਣੇ ਨਾਂਅ ਕਰਕੇ ਦੋ ਤਮਗੇ ਜਿੱਤੇ ਅਤੇ ਜੇਤੂ ਟ੍ਰਾਫੀ ਨਾਲ ਵਕਾਰੀ ਕੰਪਨੀ ਦੇ ਉਤਪਾਦ ਪ੍ਰਾਪਤ ਕੀਤੇ। ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਦੀ ਕੋਸ਼ਿਸ਼ ਵਿਚ ਸੀ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡਣ ਅਤੇ ਦਾੜ੍ਹੀ ਮੁੱਛ ਰੱਖਣ ਦੇ ਸੰਦੇਸ਼ ਨਾਲ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾ ਸਕੇ। ਪਿਛਲੇ ਸਾਲ ਵੀ ਇਸ ਨੌਜਵਾਨ ਨੇ ਅਜਿਹੇ ਹੀ ਇਕ ਮੁਕਾਬਲੇ ਵਿਚ ਹਿੱਸਾ ਲਿਆ ਸੀ ਅਤੇ ਟਾਪ-3 ਵਿਚ ਆ ਗਿਆ ਸੀ। ਇਸ ਨੇ ਕਈ ਲੋਕਾਂ ਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਆਪਣਾ ਸ਼ੌਕ ਜਾਰੀ ਰੱਖਿਆ ਅਤੇ ਜੱਜਾਂ ਦੇ ਸਾਹਮਣੇ ਤਿੰਨ ਰਾਊਂਡ ਵਿਚ ਹੋਏ ਮੁਕਾਬਲੇ ਵਿਚ ਐਨੇ ਅੰਕ ਹਾਸਲ ਕਰ ਲਏ ਕਿ ਲਗਪਗ 30 ਮੁਕਾਬਲੇਬਾਜ਼ਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।