ਨਵੀਂ ਦਿੱਲੀ, ਏਐੱਨਆਈ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਕਿ ਪਾਕਿਸਤਾਨ ਦਾ ਅਰਥਚਾਰਾ ਭਾਰਤ ਦੀ ਆਰਥਿਕ ਸਥਿਤੀ ਤੋਂ ਬਿਹਤਰ, ’ਤੇ ਕੇਂਦਰੀ ਇਲੈਕਟ੍ਰਾਨਿਕਸ ਤੇ ਸੂੁਚਨਾ ਤਕਨੀਕ ਰਾਜ ਮੰਤਰੀ ਰਾਜੀਵ ਚੰਦਰਸ਼ੇਕਰ ਨੇ ਵਿਅੰਗ ਕੀਤਾ ਹੈ। ਕਿਹਾ-ਹਾਂ, ਕਿਉਂਕਿ ਤੁਹਾਡੇ ਕੋਲ ਸਿੱਧੂੁ ਹਨ ਤੇ ਸਾਡੇ ਕੋਲ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਅਰਥਚਾਰਾ, ਯੂਨੀਕਾਰਨ ਤੇ ਐੱਫਡੀਆਈ। ਯੂਨੀਕਾਰਨ ਦਾ ਮਤਲਬ ਇਕ ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੇ ਸਟਾਰਟਅੱਪ, ਐੱਫਡੀਆਈ ਦਾ ਮਤਲਬ ਪ੍ਰਤੱਖ ਵਿਦੇਸ਼ੀ ਨਿਵੇਸ਼ ਤੋਂ ਹੈ ਤੇ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਨ। ਸਿੱਧੂ ਇਮਰਾਨ ਨੂੰ ਆਪਣਾ ਦੋਸਤ ਦੱਸਦੇ ਹਨ।

ਚੰਦਰ ਸ਼ੇਖਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਇਹ ਜਵਾਬ ਟਵੀਟ ਦੇ ਜ਼ਰੀਏ ਦਿੱਤਾ ਹੈ। ਇਮਰਾਨ ਨੇ ਇਸਲਾਮਾਬਾਦ ’ਚ ਹੋਈ 14ਵੀਂ ਇੰਟਰਨੈਸ਼ਨਲ ਚੈਂਬਰਸ ਸਮਿਟ 2022 ’ਚ ਕਿਹਾ, ਪਾਕਿਸਤਾਨ ਪਿਛਲੇ ਤਿੰਨ ਸਾਲਾਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦਾ ਅਰਥਚਾਰਾ ਕਈ ਖੇਤਰੀ ਦੇਸ਼ਾਂ ਤੋਂ ਬਿਹਤਰ ਹੈ। ਜਿਨ੍ਹਾਂ ਦੇਸ਼ਾਂ ਤੋਂ ਬਿਹਤਰ ਹੈ, ਉਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ। ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਪਾਕਿਸਤਾਨ ਸਭ ਤੋਂ ਸਸਤੇ ਦੇਸ਼ਾਂ ’ਚੋਂ ਇਕ ਹੈ। ਇੱਥੇ ਮਹਿੰਗਾਈ ਕਾਫ਼ੀ ਘੱਟ ਹੈ। ਵਿਰੋਧੀ ਧਿਰ ਸਾਨੂੰ ਅਯੋਗ ਕਰਾਰ ਦਿੰਦੀ ਹੈ ਪਰ ਅਸੀਂ ਦੇਸ਼ ਨੂੰ ਤਮਾਮ ਮੁਸ਼ਕਲਾਂ ਤੋਂ ਬਚਾ ਕੇ ਰੱਖਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਹਾਲਾਤ ’ਚ ਆਇਆ ਹੈ ਜਦੋਂ ਉਨ੍ਹਾਂ ਦਾ ਦੇਸ਼ ਭਾਰੀ ਵਪਾਰ ਘਾਟੇ ਤੇ ਤੇਜ਼ੀ ਨਾਲ ਵਧਦੀ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਚੀਨ ਤੇ ਸਾਊਦੀ ਅਰਬ ਤੋਂ ਉਧਾਰ ਲੈ ਕੇ ਕੰਮ ਚਲਾ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਕਹਿਣ ’ਤੇ ਪਾਕਿਸਤਾਨ ਕਰ ਵਸੂਲੀ ਵਧਾ ਰਿਹਾ ਹੈ ਜਿਸ ਤੋਂ ਲੋਕ ਨਾਰਾਜ਼ ਹਨ। ਦੇਸ਼ ਦੀ ਆਰਥਿਕ ਹਾਲਤ ’ਤੇ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਪਾਕਿਸਤਾਨ ਪੀਪਲਜ਼ ਪਾਰਟੀ ਇਮਰਾਨ ਸਰਕਾਰ ’ਤੇ ਹਮਲਾਵਰ ਹੈ ਤੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।

Posted By: Tejinder Thind