ਬਰੱਸਲਜ਼ (ਏਐੱਨਆਈ) : ਯੂਕਰੇਨ ਜੰਗ ’ਚ ਨਾਟੋ ਦੀ ਭੂਮਿਕਾ ਦੇ ਸਬੰਧ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਹੱਤਵਪੂਰਨ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੰਗ ’ਚ ਰੂਸ ਜੇਕਰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਨਾਟੋ ਉਸ ਦਾ ਜਵਾਬ ਦੇਵੇਗਾ। ਰੂਸੀ ਹਮਲਾ ਜਿਸ ਪੱਧਰ ਦਾ ਹੋਵੇਗਾ, ਨਾਟੋ ਉਸੇ ਪੱਧਰ ਦਾ ਜਵਾਬ ਦੇਵੇਗਾ। ਬਾਇਡਨ ਨੇ ਇਹ ਗੱਲ ਨਾਟੋ ਸਮਿਟ ਤੋਂ ਬਾਅਦ ਕਰਵਾਈ ਪ੍ਰੈੱਸ ਕਾਨਫਰੰਸ ’ਚ ਕਹੀ। ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਨਾਟੋ ਸਮਿਟ ’ਚ ਬਣੀ ਉਸ ਆਮ ਰਾਇ ਤੋਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਯੂਕਰੇਨ ਜੰਗ ’ਚ ਜੰਗੀ ਸੰਗਠਨ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੋਵੇਗਾ। ਏਪੀ ਮੁਤਾਬਕ, ਯੂਕਰੇਨ ਦੇ ਮਾਰੀਪੋਲ ਸ਼ਹਿਰ ’ਚ ਥੀਏਟਰ ਬਿਲਡਿੰਗ ’ਤੇ ਹੋਈ ਰੂਸੀ ਬੰਬਾਰੀ ’ਚ 300 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰੂਸੀ ਜਹਾਜ਼ਾਂ ਨੇ ਇਹ ਬੰਬਾਰੀ 16 ਮਾਰਚ ਨੂੰ ਕੀਤੀ ਸੀ।

ਲਗਪਗ ਤਿੰਨ ਹਫ਼ਤਿਆਂ ਤੋਂ ਰੂਸੀ ਫ਼ੌਜੀਆਂ ਨਾਲ ਘਿਰੇ ਮਾਰੀਪੋਲ ’ਚ ਵੱਡੀ ਗਿਣਤੀ ਵਿਚ ਨਾਗਰਿਕਾਂ ਨੇ ਸ਼ਰਨ ਲੈ ਰੱਖੀ ਸੀ। ਉਸ ਦੇ ਉੱਪਰ ਵੱਡੇ ਅੱਖਰਾਂ ’ਚ ਚਿਲਡ੍ਰੇਨ ਦਾ ਬੈਨਰ ਵੀ ਲਗਾ ਰੱਖਿਆ ਸੀ ਜਿਸ ਨਾਲ ਹਵਾਈ ਹਮਲੇ ਤੋਂ ਉਸ ਦੀ ਸੁਰੱਖਿਆ ਹੋ ਸਕੇ। ਬਾਵਜੂਦ ਇਸ ਦੇ ਉਹ ਥੀਏਟਰ ਰੂਸੀ ਜਹਾਜ਼ਾਂ ਦੇ ਹਮਲੇ ਤੋਂ ਬਚ ਨਹੀਂ ਸਕਿਆ। ਥੀਏਟਰ ਦਾ ਮਲਬਾ ਹਟਣ ਤੋਂ ਬਾਅਦ ਉਸ ਵਿਚ ਦੱਬੀਆਂ ਲਾਸ਼ਾਂ ਸਾਹਮਣੇ ਆਈਆਂ ਹਨ। ਬਾਕੀ ਬਚੇ ਮਲਬੇ ’ਚ ਹੋਰ ਵੀ ਲਾਸ਼ਾਂ ਦੱਬੀਆਂ ਹੋ ਸਕਦੀਆਂ ਹਨ। ਹਮਲੇ ਤੋਂ ਬਾਅਦ ਯੂਕਰੇਨ ਦੀ ਮਨੁੱਖੀ ਅਧਿਕਾਰ ਕਮਿਸ਼ਨਰ ਲਿਊਡਮਿਲਾ ਡੇਨੀਸੋਵਾ ਨੇ ਕਿਹਾ ਸੀ ਕਿ ਥੀਏਟਰ ਦੇ ਅੰਡਰਗਰਾਊਂਡ ਹਿੱਸੇ ਵਿਚ 1,300 ਤੋਂ ਜ਼ਿਆਦਾ ਲੋਕ ਮੌਜੂਦ ਸਨ। ਉਨ੍ਹਾਂ ਵਿਚੋਂ ਜ਼ਿਆਦਾ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦਾ ਖ਼ਦਸ਼ਾ ਹੈ। ਰੂਸੀ ਹਮਲਿਆਂ ਦੇ ਕਾਰਨ ਮਾਰੀਪੋਲ ਦੀ ਦਸ਼ਾ ਹੋਰ ਖ਼ਰਾਬ ਹੋਈ ਹੈ। ਖਾਰਕੀਵ ਤੇ ਚਾਰਨੀਹੀਵ ਸ਼ਹਿਰਾਂ ’ਚ ਜੀਵਨ ਨੂੰ ਲੈ ਕੇ ਸੰਕਟ ਵਧਿਆ ਹੈ। ਇਸ ਵਿਚਾਲੇ ਕਾਲਾ ਸਾਗਰ ’ਚ ਫਸੇ 15 ਦੇਸ਼ਾਂ ਦੇ 67 ਮਾਲਵਾਹਕ ਜਹਾਜ਼ਾਂ ਨੂੰ ਸੁਰੱਖਿਅਤ ਨਿਕਾਸੀ ਦਾ ਰਸਤਾ ਦੇਣ ਲਈ ਰੂਸ ਨੇ ਮਤਾ ਰੱਖਿਆ ਹੈ।

ਲੁਹਾਂਸਕ ਦੇ 93 ਫ਼ੀਸਦੀ ਖੇਤਰ ’ਤੇ ਕਬਜ਼ਾ

ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਲੁਹਾਂਸਕ ਦੇ 93 ਫ਼ੀਸਦੀ ਖੇਤਰ ’ਤੇ ਉਸ ਦੀ ਫ਼ੌਜ ਦਾ ਕਬਜ਼ਾ ਹੋ ਗਿਆ ਹੈ। ਲੁਹਾਂਸਕ ਪੂਰਬੀ ਯੂਕਰੇਨ ਦਾ ਉਹ ਹਿੱਸਾ ਹੈ ਜਿਸ ਦੇ ਇਕ ਟੁਕੜੇ ’ਤੇ ਰੂਸ ਸਮਰਥਕ ਬਾਗ਼ੀਆਂ ਦਾ 2014 ਤੋਂ ਕਬਜ਼ਾ ਸੀ। ਰੱਖਿਆ ਮੰਤਰਾਲੇ ਨੇ ਯੂਕਰੇਨ ਜੰਗ ਵਿਚ ਆਪਣੇ 1,351 ਫ਼ੌਜੀਆਂ ਦੇ ਮਾਰੇ ਜਾਣ ਅਤੇ 3,825 ਦੇ ਮਾਰੇ ਜਾਣ ਦੀ ਗੱਲ ਕਹੀ ਹੈ, ਜਦਕਿ ਯੂਕਰੇਨ ਦਾ ਦਾਅਵਾ ਕਰੀਬ 16 ਹਜ਼ਾਰ ਰੂਸੀ ਫ਼ੌਜੀਆਂ ਨੂੰ ਮਾਰਨ ਦਾ ਹੈ।

ਡੋਨਬਾਸ ਤੇ ਕ੍ਰੀਮੀਆ ਵਿਚਾਲੇ ਰਸਤਾ ਬਣਿਆ

ਡੋਨਬਾਸ ਤੋਂ ਕ੍ਰੀਮੀਆ ਨੂੰ ਜੋੜਨ ਦੀ ਕੋਸ਼ਿਸ਼ ’ਚ ਲੱਗੀ ਰੂਸੀ ਫ਼ੌਜ ਨੂੰ ਆਪਣੇ ਮਕਸਦ ’ਚ ਅੰਸ਼ਿਕ ਸਫਲਤਾ ਮਿਲ ਗਈ ਹੈ। ਰੂਸ ਦੇ ਕਬਜ਼ੇ ਵਾਲੇ ਦੋਵੇਂ ਇਲਾਕਿਆਂ ਵਿਚਾਲੇ ਜ਼ਮੀਨੀ ਰਸਤਾ ਬਣਾਉਣ ਵਿਚ ਉਹ ਕਾਮਯਾਬ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਯੂਕਰੇਨ ਸਰਕਾਰ ਨੇ ਕੀਤੀ ਹੈ। ਦੋਵੇਂ ਇਲਾਕਿਆਂ ਵਿਚਾਲੇ ਮਾਰੀਪੋਲ ਸ਼ਹਿਰ ਹੈ ਜਿਸ ’ਤੇ ਕਬਜ਼ੇ ਲਈ ਬੀਤੇ ਤਿੰਨ ਹਫ਼ਤਿਆਂ ਤੋਂ ਸੰਘਰਸ਼ ਚੱਲ ਰਿਹਾ ਹੈ।

Posted By: Shubham Kumar