ਵਾਰਸਾ (ਏਪੀ) : ਪੋਲੈਂਡ ਦੀਆਂ ਔਰਤਾਂ ਨੇ ਗਰਭਪਾਤ 'ਤੇ ਲਗਾਈ ਪਾਬੰਦੀ ਖ਼ਿਲਾਫ਼ ਗਿਰਜਾਘਰਾਂ ਅਤੇ ਸੜਕਾਂ 'ਤੇ ਉਤਰ ਕੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵਾਰਸਾ ਦੇ ਪਵਿੱਤਰ ਗਿਰਜਾਘਰ ਦੀਆਂ ਪੌੜੀਆਂ 'ਤੇ ਬੈਠ ਕੇ ਰਸਤਾ ਬੰਦ ਕਰ ਦਿੱਤਾ। ਇਹ ਰੋਸ ਪ੍ਰਦਰਸ਼ਨ ਪੋਲੈਂਡ ਦੀ ਸੰਵਿਧਾਨਕ ਅਦਾਲਤ ਵੱਲੋਂ ਗਰਭਪਾਤ ਨੂੰ ਗ਼ੈਰ-ਸੰਵਿਧਾਨਕ ਐਲਾਨਣ ਪਿੱਛੋਂ ਸ਼ੁਰੂ ਹੋਏ।

ਇਸ ਤੋਂ ਪਹਿਲਾਂ ਪੋਲੈਂਡ ਵਿਚ ਕੁਝ ਸ਼ਰਤਾਂ ਤਹਿਤ ਗਰਭਪਾਤ ਦੀ ਛੋਟ ਸੀ ਪ੍ਰੰਤੂ ਇਸ ਨਵੇਂ ਕਾਨੂੰਨ ਅਨੁਸਾਰ ਹੁਣ ਗਰਭਪਾਤ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇਗੀ। ਪ੍ਰਦਰਸ਼ਨਕਾਰੀ ਔਰਤਾਂ ਇੱਛਾ ਮੁਤਾਬਕ ਗਰਭਪਾਤ ਕਰਵਾਉਣ ਦੀ ਖੁੱਲ੍ਹ ਦੇਣ ਦੀ ਮੰਗ ਕਰ ਰਹੀਆਂ ਸਨ। ਔਰਤਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਲਈ ਉਹ ਵਕਤ ਚੁਣਿਆ ਜਦੋਂ ਸਰਕਾਰ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ।