ਕਾਬੁਲ (ਏਜੰਸੀਆਂ) : ਅਫ਼ਗਾਨਿਸਤਾਨ ਵਿਚ ਹਿੰਸਾ ਵਿਚਕਾਰ ਪ੍ਰਮੁੱਖ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਕ੍ਰਮ ਜਾਰੀ ਹੈ। ਤਾਜ਼ਾ ਹਮਲੇ ਵਿਚ ਐਤਵਾਰ ਨੂੰ ਰਾਜਧਾਨੀ ਕਾਬੁਲ ਵਿਚ ਸੁਪਰੀਮ ਕੋਰਟ ਦੀਆਂ ਦੋ ਮਹਿਲਾ ਜੱਜਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਕਤਰ ਦੀ ਰਾਜਧਾਨੀ ਦੋਹਾ ਵਿਚ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਿਚਕਾਰ ਸ਼ਾਂਤੀ ਵਾਰਤਾ ਚੱਲ ਰਹੀ ਹੈ। ਹਮਲੇ ਵਿਚ ਕਾਰ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਮਰਨ ਵਾਲੀਆਂ ਦੋਵੇਂ ਮਹਿਲਾ ਜੱਜਾਂ ਦੇ ਨਾਂ ਨਹੀਂ ਦੱਸੇ ਗਏ ਹਨ। ਹਮਲਾਵਰਾਂ ਦਾ ਵੀ ਅਜੇ ਤਕ ਕੋਈ ਪਤਾ ਨਹੀਂ ਚੱਲਿਆ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਹੈ ਕਿ ਉਸ ਦੇ ਕਿਸੇ ਵੀ ਹਮਲਾਵਰ ਦਾ ਇਸ ਘਟਨਾ ਵਿਚ ਹੱਥ ਨਹੀਂ ਹੈ। ਪਿਛਲੇ ਦਿਨੀਂ ਕੁਝ ਪ੍ਰਮੁੱਖ ਲੋਕਾਂ ਨੂੰ ਮਾਰਨ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈਐੱਸ) ਨੇ ਲਈ ਸੀ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਤਾਲਿਬਾਨ ਅਤੇ ਹੋਰ ਅੱਤਵਾਦੀ ਜਮਾਤਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅੱਤਵਾਦ ਅਤੇ ਹਮਲੇ ਅਫ਼ਗਾਨਿਸਤਾਨ ਦੀ ਸਮੱਸਿਆ ਦਾ ਹੱਲ ਨਹੀਂ ਹਨ। ਤਾਲਿਬਾਨ ਨੂੰ ਸਥਾਈ ਜੰਗਬੰਦੀ ਦੇ ਬਾਰੇ ਵਿਚ ਸੋਚਣਾ ਚਾਹੀਦਾ ਹੈ। ਇੱਥੇ ਸਰਕਾਰੀ ਅਫਸਰਾਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਫ਼ਗਾਨਿਸਤਾਨ ਵਿਚ ਹਿੰਸਾ ਕਾਰਨ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਇਆ ਸਮਝੌਤਾ ਵੀ ਕਠਿਨ ਪ੍ਰਸਥਿਤੀਆਂ ਵਿਚ ਪੁੱਜਦਾ ਜਾ ਰਿਹਾ ਹੈ।