ਬੀਜਿੰਗ (ਏਜੰਸੀਆਂ) : ਆਲਮੀ ਸਿਹਤ ਅਦਾਰੇ (ਡਬਲਿਊਐੱਚਓ) ਨੇ ਕੋਰੋਨਾ ਵਾਇਰਸ ਦੇ ਬੇਰੋਕ ਪ੍ਰਸਾਰ 'ਤੇ ਚਿੰਤਾ ਪ੍ਰਗਟਾਈ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟ੍ਰੇਡੋਸ ਘੇਬਰੇਸਸ ਨੇ ਜਨੇਵਾ 'ਚ ਕਿਹਾ ਕਿ ਵਾਇਰਸ 'ਤੇ ਕਾਬੂ ਪਾਉਣਾ ਸੌਖਾ ਨਹੀਂ ਹੈ। ਕੌਮਾਂਤਰੀ ਪੱਧਰ 'ਤੇ ਕੋਰੋਨਾ ਵਾਇਰਸ (ਕੋਵਿਡ-19) ਦੇ ਵੱਧਦੇ ਪ੍ਰਕੋਪ ਨੂੰ ਨੱਥ ਪਾਉਣ ਦੇ ਮੌਕੇ ਸੀਮਤ ਹੁੰਦੇ ਜਾ ਰਹੇ ਹਨ। ਵਾਇਰਸ ਨੂੰ ਰੋਕਣ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਹੋਣ ਤੋਂ ਪਹਿਲਾਂ ਕੌਮਾਂਤਰੀ ਭਾਈਚਾਰਾ ਇਸ 'ਤੇ ਕਾਬੂ ਪਾਉਣ 'ਚ ਤੇਜ਼ੀ ਦਿਖਾਏ। ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ 'ਚ ਬੀਤੇ ਦਸੰਬਰ 'ਚ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਤੋਂ ਇਹ ਜਾਨਲੇਵਾ ਵਾਇਰਸ ਵੁਹਾਨ ਨਾਲ ਪੂਰੇ ਚੀਨ ਸਮੇਤ ਦੁਨੀਆ ਦੇ ਕਰੀਬ 30 ਦੇਸ਼ਾਂ 'ਚ ਫੈਲ ਚੁੱਕਾ ਹੈ। ਚੀਨ 'ਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 76,288 ਹੋ ਗਈ ਹੈ। ਹੁਣ ਤਕ 2345 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 109 ਮੌਤਾਂ ਸ਼ੁੱਕਰਵਾਰ ਨੂੰ ਹੋਈਆਂ, ਜਿਨ੍ਹਾਂ 'ਚ ਵੁਹਾਨ 'ਚ ਹੀ 90 ਲੋਕਾਂ ਦੀ ਜਾਨ ਗਈ। ਹਾਲਾਂਕਿ ਨਵੇਂ ਮਾਮਲਿਆਂ 'ਚ ਗਿਰਾਵਟ ਦੇਖੀ ਜਾ ਰਹੀ ਹੈ। ਸ਼ੁੱਕਰਵਾਰ ਨੂੰ 397 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇਕ ਦਿਨ ਪਹਿਲਾਂ 889 ਮਾਮਲੇ ਸਾਹਮਣੇ ਆਏ ਸਨ। ਜ਼ਿਆਦਾ ਮਾਮਲੇ ਵੁਹਾਨ ਦੇ ਹਨ। ਚੀਨ 'ਚ ਨਵੇਂ ਮਾਮਲਿਆਂ 'ਚ ਭਾਵੇਂ ਗਿਰਾਵਟ ਆ ਰਹੀ ਹੋਵੇ ਪਰ ਦੁਨੀਆ ਦੇ ਦੂਜੇ ਦੇਸ਼ਾਂ 'ਚ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਦੱਖਣੀ ਕੋਰੀਆ, ਇਟਲੀ ਤੇ ਈਰਾਨ ਵਰਗੇ ਦੇਸ਼ਾਂ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਡਬਲਿਊਐੱਚਓ ਵੀ ਚਿਤਾਵਨੀ ਦੇ ਚੁੱਕੀ ਹੈ ਕਿ ਵਾਇਰਸ 'ਤੇ ਕਾਬੂ ਪਾਉਣ ਦੇ ਮੌਕੇ ਹੱਥੋਂ ਨਿਕਲਦੇ ਜਾ ਰਹੇ ਹਨ।

ਦੱਖਣੀ ਕੋਰੀਆ 'ਚ ਵਧੇ ਮਾਮਲੇ, ਈਰਾਨ 'ਚ ਪੰਜਵੀਂ ਮੌਤ

ਚੀਨ ਤੋਂ ਬਾਅਦ ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਦੱਖਣੀ ਕੋਰੀਆ 'ਚ ਸ਼ਨਿਚਰਵਾਰ ਨੂੰ 142 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਵਧ ਕੇ 346 ਹੋ ਗਈ ਹੈ। ਜ਼ਿਆਦਾ ਮਾਮਲੇ ਦੱਖਣੀ ਕੋਰੀਆ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਡੇਗੂ 'ਚ ਸਾਹਮਣੇ ਆ ਰਹੇ ਹਨ। ਇੱਥੇ ਇਕ ਦੀ ਮੌਤ ਵੀ ਚੁੱਕੀ ਹੈ, ਜਦਕਿ ਈਰਾਨ 'ਚ ਦਸ ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ 28 ਹੋ ਗਈ ਹੈ। ਈਰਾਨ 'ਚ ਪੰਜ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਤਹਿਰਾਨ ਦੇ 13ਵੇਂ ਜ਼ਿਲ੍ਹਾ ਦੇ ਮੇਅਰ ਮੋਰਤਜਾ ਰਹਿਮਾਨਜਾਦੇਹ ਵੀ ਵਾਇਰਸ ਦੀ ਲਪੇਟ 'ਚ ਆਏ ਹਨ।

ਅਮਰੀਕਾ 'ਚ 35 ਸੰਕ੍ਰਮਿਤ, ਇਜ਼ਰਾਈਲ 'ਚ ਵੀ ਪੁੱਜਾ ਵਾਇਰਸ

ਅਮਰੀਕੀ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 35 ਹੋ ਗਈ ਹੈ। ਇਨ੍ਹਾਂ ਵਿਚੋਂ 18 ਉਹ ਲੋਕ ਹਨ, ਜੋ ਜਾਪਾਨ ਦੇ ਤਟ 'ਤੇ ਖੜ੍ਹੇ ਡਾਇਮੰਡ ਪ੍ਰਿੰਸਸਿਜ਼ ਕਰੂਜ਼ ਤੋਂ ਪਰਤੇ ਹਨ, ਜਦਕਿ ਇਜ਼ਰਾਈਲ 'ਚ ਵੀ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਡਾਇਮੰਡ ਪ੍ਰਿੰਸਸਿਜ਼ ਕਰੂਜ਼ ਤੋਂ ਪਰਤੀ ਇਕ ਔਰਤ ਪੀੜਤ ਪਾਈ ਗਈ ਹੈ।

ਇਟਲੀ 'ਚ ਦੋ ਮੌਤਾਂ, ਯੂਏਏ 'ਚ ਵਧੇ ਮਾਮਲੇ

ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 11 ਹੋ ਗਈ ਹੈ, ਜਦਕਿ ਇਟਲੀ 'ਚ ਘਾਤਕ ਕੋਰੋਨਾ ਵਾਇਰਸ ਨਾਲ ਪੀੜਤ ਦੂਜੇ ਮਰੀਜ਼ ਦੀ ਮੌਤ ਹੋ ਗਈ। ਇਸ ਯੂਰਪੀ ਦੇਸ਼ 'ਚ ਹੁਣ ਤਕ 30 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਤਰੀ ਇਟਲੀ 'ਚ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ।