ਜੇਐੱਨਐੱਨ, ਜੇਨੇਵਾ, ਪੀਟੀਆਈ : ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡ੍ਰੋਸ ਅਦਨੋਮ ਘੇਬਰੇਸਰਸ ਨੇ ਕੋਰੋਨਾ ਟੀਕਾਕਰਨ 'ਚ ਭਾਰਤ ਦੇ ਯੋਗਦਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਾਹਨਾ ਕੀਤੀ ਹੈ। ਨਾਲ ਹੀ ਉਮੀਦ ਪ੍ਰਗਟਾਈ ਹੈ ਕਿ ਹੋਰ ਦੇਸ਼ ਵੀ ਇਸ ਦਾ ਅਨੁਸਰਨ ਕਰਨਗੇ। WHO ਦੇ ਮੁਖੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਟੀਕਿਆਂ ਦੀ ਸਪਲਾਈ ਕਰਨ 'ਚ ਭਾਰਤ ਦੇ ਸਮਰਥਨ ਕਾਰਨ 60 ਤੋਂ ਜ਼ਿਆਦਾ ਦੇਸ਼ਾਂ ਨੂੰ ਟੀਕਾਕਰਨ ਪ੍ਰਕਿਰਿਆ ਸ਼ੁਰੂ ਕਰਨ 'ਚ ਮਦਦ ਮਿਲੀ ਹੈ। ਵੈਕਸੀਨ ਐਕਟਵਿਟੀ ਦਾ ਸਮਰਥਨ ਕਰਨ ਲਈ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ। ਕੋਵੈਕਸ ਨੂੰ ਲੈ ਕੇ ਤੁਹਾਡੀ ਵਚਨਬੱਧਤਾ ਤੇ ਕੋਰੋਨਾ ਵੈਕਸੀਨ ਦੀ ਖ਼ੁਰਾਕ ਭੇਜਣ ਨਾਲ 60 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੇ ਹੈਲਥ ਵਰਕਰਜ਼ ਤੇ ਹੋਰ ਤਰਜੀਹ ਸਮੂਹ ਨੂੰ ਟੀਕਾਕਰਨ ਸ਼ੁਰੂ ਕਰਨ 'ਚ ਮਦਦ ਮਿਲੀ ਹੈ। ਉਮੀਦ ਹੈ ਕਿ ਹੋਰ ਦੇਸ਼ ਤੁਹਾਡੀ ਉਦਾਹਰਨ ਦਾ ਅਨੁਸਰਨ ਕਰਨਗੇ।

ਦੱਸ ਦੇਈਏ ਕਿ ਭਾਰਤ ਨੇ ਬੁੱਧਵਾਰ ਨੂੰ ਅਫਰੀਕੀ ਦੇਸ਼ ਘਾਣਾ ਨੂੰ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੇਫ ਦੇ ਸਹਿਯੋਗ ਨਾਲ ਕੋਵੈਕਸ ਤਹਿਤ ਵੈਕਸੀਨ ਦੀ 6 ਲੱਖ ਡੋਜ਼ ਭੇਜੀ। ਕੋਵੈਕਸ ਤਹਿਤ ਕੋਰੋਨਾ ਵੈਕਸੀਨ ਪਾਉਣ ਵਾਲਾ ਘਾਣਾ ਪਹਿਲਾ ਦੇਸ਼ ਹੈ। ਕੋਵੈਕਸ ਗਰੀਬ ਦੇਸ਼ਾਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਲਈ ਸੰਯੁਕਤ ਰਾਸ਼ਟਰ ਦੀ ਯੋਜਨਾ ਹੈ। ਭਾਰਤ ਹੁਣ ਤਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇ 361.94 ਲੱਖ ਡੋਜ਼ ਦੇ ਚੁੱਕਿਆ ਹੈ। ਇਸ 'ਚ ਸਹਾਇਤਾ ਦੇ ਤੌਰ 'ਤੇ 67.5 ਲੱਖ ਡੋਜ਼ ਤੇ ਵਪਾਰਕ ਤੌਰ 'ਤੇ 294.44 ਲੱਖ ਡੋਜ਼ ਦਿੱਤੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਘਰੇਲੂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਵੱਖ-ਵੱਖ ਦੇਸ਼ਾਂ ਨੂੰ ਕੋਵੈਕਸੀਨ ਸਪਲਾਈ ਅੱਗੇ ਵੀ ਜਾਰੀ ਰਹੇਗੀ।

Posted By: Amita Verma