ਜਨੇਵਾ (ਏਜੰਸੀਆਂ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕੋਰੋਨਾ ਮਹਾਮਾਰੀ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਸੰਗਠਨ ਦਾ ਕਹਿਣਾ ਹੈ ਕਿ ਬਹੁਤ ਛੇਤੀ ਇਕ ਹਫ਼ਤੇ 'ਚ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋ ਜਾਵੇਗੀ। ਪਿਛਲੇ ਹਫ਼ਤੇ ਮਹਾਮਾਰੀ ਨਾਲ ਇਕ ਹਫ਼ਤੇ 'ਚ 93 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਡਬਲਯੂਐੱਚਓ ਦੇ ਐਮਰਜੈਂਸੀ ਮਾਹਰ ਮਾਈਕ ਰਿਆਨ ਨੇ ਸੋਮਵਾਰ ਨੂੰ ਕਿਹਾ ਕਿ ਭਵਿੱਖ 'ਚ ਹੋਣ ਵਾਲੀਆਂ ਮੌਤਾਂ 'ਚੋਂ 47 ਫ਼ੀਸਦੀ ਇਕੱਲੇ ਅਮਰੀਕੀ ਰੀਜਨ 'ਚ ਹੋਵੇਗਾ। ਓਧਰ, ਦੁਨੀਆ ਭਰ 'ਚ ਕੋੋਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ ਨੌਂ ਕਰੋੜ ਤੋਂ ਵੱਧ ਹੋ ਗਈ। ਉੱਥੇ ਹੀ ਮਿ੍ਤਕਾਂ ਦੀ ਗਿਣਤੀ 20 ਲੱਖ ਤੋਂ ਵੱਧ ਹੋ ਗਈ ਹੈ। ਮਹਾਮਾਰੀ ਨਾਲ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੈ ਜਿੱਥੇ ਦੋ ਕਰੋੜ 39 ਲੱਖ ਲੋਕ ਬਿਮਾਰ ਹਨ ਉੱਥੇ ਹੀ ਤਿੰਨ ਲੱਖ 97 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੈਲੀਫੋਰਨੀਆ 'ਚ ਮਾਡਰਨਾ ਦੀ ਵੈਕਸੀਨ ਰੋਕੀ ਗਈ

ਐਲਰਜੀ ਦੀ ਸਮੱਸਿਆ ਸਾਹਮਣੇ ਆਉਮ ਤੋਂ ਬਾਅਦ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਮਾਡਰਨਾ ਦੀ ਵੈਕਸੀਨ ਲਗਾਏ ਜਾਣ ਦਾ ਕੰਮ ਰੋਕ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਇਹ ਵੈਕਸੀਨ ਲਗਾਈ ਗਈ ਸੀ, ਉਨ੍ਹਾਂ 'ਚੋਂ 10 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਸ਼ੁਰੂ 'ਚ ਇਸ ਵਿਸ਼ੇਸ਼ ਦੀਆਂ 3,30,000 ਤੋਂ ਵੱਧ ਖ਼ੁਰਾਕਾਂ 287 ਸਿਹਤ ਕੇਂਦਰਾਂ 'ਚ ਪਹੁੰਚਾਈਆਂ ਗਈਆਂ ਸਨ। ਤੇ ਐੱਫਡੀਏ ਤੇ ਸੀਡੀਸੀ ਇਸ ਬੈਚ ਦੀ ਸਮੀਖਿਆ ਕਰ ਰਿਹਾ ਹੈ। ਓਧਰ ਕੈਲੀਫੋਰਨੀਆ 'ਚ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ ਵੱਧ ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 32,904 ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 418 ਲੋਕਾਂ ਦੀ ਮੌਤ ਹੋਈ ਹੈ।

20 ਫ਼ੀਸਦੀ ਵਧ ਜਾਵੇਗਾ ਟੀਕੇ ਦਾ ਅਸਰ

ਚੀਨ ਦੀ ਸਾਇਨੋਵੈਕ ਬਾਇਓਟੈੱਕ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਸ ਦੀ ਕੋਰੋਨਾ ਵੈਕਸੀਨ ਦਾ ਇਸਤੇਮਾਲ ਵਧੇਰੇ ਸਮੇਂ ਦੇ ਫ਼ਰਕ ਨਾਲ ਕੀਤਾ ਜਾਵੇ ਤਾਂ ਉਸ ਦਾ ਅਸਰ 20 ਫ਼ੀਸਦੀ ਵਧ ਜਾਂਦਾ ਹੈ। ਓਧਰ, ਚੀਨ 'ਚ ਲਗਾਤਾਰ ਛੇਵੇਂ ਦਿਨ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਗਲੋਬਲ ਟਾਈਮਜ਼ ਮੁਤਾਬਕ ਹੇਬਈ ਸੂਬੇ ਦੇ 11 ਰੀਜਨ 'ਚ ਲਾਕਡਾਊਨ ਲਗਾਉਣ ਤੋਂ ਬਾਅਦ ਵੱਡੇ ਪੱਧਰ 'ਤੇ ਟੈਸਟਿੰਗ ਪ੍ਰੋਗਰਾਮ ਚੱਲ ਰਿਹਾ ਹੈ।