ਪੈਰਿਸ (ਰਾਇਟਰ) : ਅਮਰੀਕਾ ਦੇ ਖ਼ੁਫ਼ੀਆ ਨਿਗਰਾਨੀ ਪ੍ਰੋਗਰਾਮ ਦਾ ਪਰਦਾਫਾਸ਼ ਕਰਨ ਵਾਲੇ ਐਡਵਰਡ ਸਨੋਡੇਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੋਂ ਸ਼ਰਨ ਦੀ ਮੰਗ ਕੀਤੀ ਹੈ। ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨਐੱਸਏ) ਲਈ ਕੰਮ ਕਰ ਚੁੱਕੇ ਸਨੋਡੇਨ ਨੇ ਕਿਹਾ ਹੈ ਕਿ ਜੇਕਰ ਮੈਕਰੋਨ ਉਨ੍ਹਾਂ ਨੂੰ ਫਰਾਂਸ 'ਚ ਸ਼ਰਨ ਦੇ ਦਿੰਦੇ ਹਨ ਤਾਂ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਵੇਗੀ। ਇਸ ਤੋਂ ਪਹਿਲਾਂ ਫਰਾਂਸ ਦੀ ਨਿਆਂ ਮੰਤਰੀ ਨਿਕੋਲ ਬੋਲੋਬੇਟ ਨੇ ਕਿਹਾ ਸੀ ਕਿ ਉਨ੍ਹਾਂ ਦੇ ਵੱਸ 'ਚ ਹੁੰਦਾ ਤਾਂ ਉਹ ਸਨੋਡੇਨ ਨੂੰ ਸ਼ਰਨ ਜ਼ਰੂਰ ਦਿੰਦੀ।

ਸਨੋਡੇਨ ਨੇ 2003 'ਚ ਐੱਨਐੱਸਏ ਦੇ ਗੁਪਤ ਦਸਤਾਵੇਜ਼ ਜਨਤਕ ਕਰ ਦਿੱਤੇ ਸਨ। ਇਨ੍ਹਾਂ 'ਚ ਅਮਰੀਕਾ ਵੱਲੋਂ ਦੁਨੀਆ ਭਰ 'ਚ ਚਲਾਏ ਜਾ ਰਹੇ ਗੁਪਤ ਨਿਗਰਾਨੀ ਪ੍ਰੋਗਰਾਮ ਦੀਆਂ ਜਾਣਕਾਰੀਆਂ ਵੀ ਸ਼ਾਮਲ ਸਨ। ਸਨੋਡੇਨ ਨੇ ਸੋਮਵਾਰ ਨੂੰ ਪ੍ਰਸਾਰਿਤ ਰੇਡੀਓ ਇੰਟਰਵਿਊ 'ਚ ਕਿਹਾ, 'ਮੈਂ 2013 'ਚ ਵੀ ਫਰਾਂਸ 'ਚ ਸ਼ਰਨ ਮੰਗੀ ਸੀ, ਉਦੋਂ ਫਰਾਂਸਵਾ ਓਲਾਂਦ ਰਾਸ਼ਟਰਪਤੀ ਸਨ। ਜੇਕਰ ਮੈਕਰੋਨ ਮੈਨੂੰ ਸ਼ਰਨ ਦਿੰਦੇ ਹਨ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ। ਇਹ ਸਿਰਫ਼ ਫਰਾਂਸ ਜਾਂ ਯੂਰਪ ਬਾਰੇ ਨਹੀਂ ਹੈ, ਇਹ ਪੂਰੀ ਦੁਨੀਆ ਤੇ ਉਸ ਦੇ ਸਿਸਟਮ ਬਾਰੇ ਹੈ। ਗ਼ਲਤ ਗੱਲਾਂ ਨੂੰ ਉਜਾਗਰ ਕਰਨ ਵਾਲੇ ਦੀ ਸੁਰੱਖਿਆ ਕਰਨਾ ਅਪਰਾਧ ਨਹੀਂ ਹੈ। ਮੇਰੇ ਜਿਹੇ ਕਿਸੇ ਵਿਅਕਤੀ ਨੂੰ ਫਰਾਂਸ 'ਚ ਸੁਰੱਖਿਆ ਦੇਣਾ ਅਮਰੀਕਾ 'ਤੇ ਹਮਲਾ ਨਹੀਂ ਹੈ।' ਸਨੋਡੇਨ 2013 ਤੋਂ ਰੂਸ 'ਚ ਜਲਾਵਤਨੀ ਜੀਵਨ ਜੀਅ ਰਹੇ ਹਨ। ਕਈ ਮਨੁੱਖੀ ਅਧਿਕਾਰ ਵਰਕਰ ਉਨ੍ਹਾਂ ਨੂੰ ਹੀਰੋ ਮੰਨਦੇ ਹਨ ਜਦਕਿ ਅਮਰੀਕਾ ਉਨ੍ਹਾਂ 'ਤੇ ਜਾਸੂਸੀ ਦਾ ਮੁਕੱਦਮਾ ਚਲਾਉਣਾ ਚਾਹੁੰਦਾ ਹੈ। ਛੇਤੀ ਹੀ ਉਨ੍ਹਾਂ ਦੀ ਆਤਮਕਥਾ ਪਰਮਾਨੈਂਟ ਰਿਕਾਰਡ ਪ੍ਰਕਾਸ਼ਤ ਹੋਣ ਵਾਲੀ ਹੈ।