ਢਾਕਾ (ਪੀਟੀਆਈ) : ਬੰਗਲਾਦੇਸ਼ 'ਚ ਧਾਰਮਿਕ ਭਾਵਨਾਵਾਂ ਭੜਕਾਉਣ ਨਾਲ ਸਬੰਧਤ ਫੇਸਬੁੱਕ ਪੋਸਟ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਫਾਇਰਿੰਗ ਵਿਚ ਚਾਰ ਲੋਕ ਮਾਰੇ ਗਏ ਹਨ, ਜਦਕਿ 50 ਜ਼ਖ਼ਮੀ ਹੋਏ ਹਨ। ਫੇਸਬੁੱਕ 'ਤੇ ਪੋਸਟ ਇਕ ਹਿੰਦੂ ਵਿਅਕਤੀ ਨੇ ਕੀਤੀ ਸੀ ਜਦਕਿ ਪ੍ਰਦਰਸ਼ਨਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਮੁਸਲਮਾਨ ਸਨ। ਹਿੰਸਾ ਦੀ ਘਟਨਾ ਢਾਕਾ ਤੋਂ 116 ਕਿਲੋਮੀਟਰ ਦੂਰ ਭੋਲਾ ਜ਼ਿਲ੍ਹੇ 'ਚ ਹੋਈ। ਮੁਸਲਿਮ ਤਵਾਹਿਦੀ ਜਨਤਾ ਦੇ ਬੈਨਰ ਹੇਠ ਕਰਵਾਏ ਵਿਰੋਧ ਪ੍ਰਦਰਸ਼ਨ ਵਿਚ ਸੈਂਕੜੇ ਲੋਕ ਫੇਸਬੁੱਕ 'ਤੇ ਪੈਗੰਬਰ ਖ਼ਿਲਾਫ਼ ਟਿੱਪਣੀ ਕਰਨ ਵਾਲੇ ਹਿੰਦੂ ਵਿਅਕਤੀ 'ਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਜਿਸ ਹਿੰਦੂ ਵਿਅਕਤੀ ਦੇ ਫੇਸਬੁੱਕ ਅਕਾਊਂਟ ਤੋਂ ਵਿਵਾਦਤ ਪੋਸਟ ਹੋਈ ਹੈ, ਪੁਲਿਸ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉਸ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਸੀ। ਨਿਸ਼ਾਨੇ 'ਤੇ ਆਏ ਵਿਅਕਤੀ ਨੇ ਪੈਗੰਬਰ ਖ਼ਿਲਾਫ਼ ਕੋਈ ਪੋਸਟ ਕਰਨ ਤੋਂ ਇਨਕਾਰ ਕੀਤਾ ਹੈ।

Posted By: Amita Verma