ਜੇਐੱਨਐੱਨ, ਕਾਬੁਲ/ਏਐੱਨਆਈ : ਅਫਗਾਨਿਸਤਾਨ 'ਚ ਤਾਲਿਬਾਨ ਰਾਜ ਆਉਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਤਾਲਿਬਾਨ ਦੁਨੀਆ ਤੋਂ ਕੀਤੇ ਗਏ ਆਪਣੇ ਵਾਅਦਿਆਂ ਨੂੰ ਲਗਾਤਾਰ ਤੋੜ ਰਿਹਾ ਹੈ। ਇਸ ਲੜੀ ਨੂੰ ਜਾਰੀ ਰੱਖਦਿਆਂ ਤਾਲਿਬਾਨ ਨੇ ਔਰਤ ਮਾਮਲਿਆਂ ਦੇ ਮੰਤਰਾਲੇ ਨੂੰ ਹੀ ਹੁਣ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਤਾਲਿਬਾਨ ਮਹਿਲਾ ਮੁਲਾਜ਼ਮਾਂ ਨੂੰ ਕੰਮ 'ਤੇ ਨਾ ਆਉਣ ਦਾ ਫਰਮਾਨ ਜਾਰੀ ਕਰ ਚੁੱਕਿਆ ਹੈ।

ਅਫਗਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਮਹਿਲਾ ਮੰਤਰਾਲੇ ਨੂੰ ਹਟਾ ਕੇ ਇਸ ਦੀ ਥਾਂ ਮਿਨਿਸਟ੍ਰੀ ਆਫ ਪ੍ਰੋਮਸ਼ਨ ਵਰਚਿਊ ਐਂਡ ਪ੍ਰਿਵੇਸ਼ਨ ਆਫ ਵਾਈਸ ਮੰਤਰਾਲੇ ਨੂੰ ਚੌਕਸ ਕਰ ਦਿੱਤਾ ਹੈ, ਇਸ ਰਾਹੀਂ ਤਾਲਿਬਾਨ ਔਰਤਾਂ ਤੇ ਤਮਾਮ ਤਰ੍ਹਾਂ ਦੀਆਂ ਪਾਬੰਦੀਆਂ ਲਗਾਏਗਾ। ਸਮੂਹ ਨੇ 1990 ਦੇ ਦਹਾਕੇ 'ਚ ਵੀ ਇਸੇ ਮੰਤਰਾਲੇ ਰਾਹੀਂ ਔਰਤਾਂ 'ਤੇ ਗਹਿਰੇ ਪਾਬੰਦੀਆਂ ਲਾਈਆਂ ਸਨ।

ਇਸ ਤੋਂ ਪਹਿਲਾਂ ਤਾਲਿਬਾਨ ਸਰਕਾਰ ਦੇ ਗਠਨ ਤੋਂ ਬਾਅਦ ਹੁਣ ਹਾਲ ਹੀ 'ਚ ਨਿਯੁਕਤ ਹੋਏ ਕਾਰਜਕਾਰੀ ਚੀਫ ਆਫ ਸਟਾਫ ਕਾਰੀ ਫਸੀਹੁਦੀਨ ਨੇ ਐਲਾਨ ਕੀਤਾ ਹੈ ਕਿ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ 'ਚ ਫ਼ੌਜ ਦਾ ਗਠਨ ਕੀਤਾ ਜਾਵੇਗਾ। ਇਸ 'ਚ ਸਾਬਕਾ ਫ਼ੌਜੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਫ਼ੌਜ ਗਠਨ ਦੀ ਜਲਦ ਹੀ ਜਾਣਕਾਰੀ ਦਿੱਤੀ ਜਾਵੇਗੀ।

ਟੋਲੋ ਨਿਊਜ਼ ਮੁਤਾਬਿਕ ਫਸੀਦੁਦੀਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਸੁਰੱਖਿਆ ਲਈ ਮਜ਼ਬੂਤ ਫ਼ੌਜ ਦੀ ਲੋੜ ਹੈ। ਇਸ ਦੀ ਹੁਣ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਤਾਲਿਬਾਨ ਦੇਸ਼ ਦੇ ਅੰਦਰ ਤੇ ਬਾਹਰ ਦੋਵੇਂ ਹੀ ਮੋਰਚਿਆਂ 'ਤੇ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ 'ਚ ਸਮਰਥ ਹੋਵੇਗਾ। ਫ਼ੌਜ 'ਚ ਅਜਿਹੇ ਲੋਕਾਂ ਨੂੰ ਵਰੀਅਤਾ ਦਿੱਤੀ ਜਾਵੇਗੀ ਜੋ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ ਜਾਂ ਫਿਰ ਪੇਸ਼ੇਵਰ ਹੈ।

Posted By: Amita Verma