ਮੈਡਰਿਡ (ਏਜੰਸੀਆਂ) : ਕੋਰੋਨਾ ਦੀ ਮਹਾਮਾਰੀ ਕਾਰਨ ਪਿਛਲੇ 24 ਘੰਟੇ 'ਚ ਸਪੇਨ ਵਿਚ 738 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਸਪੇਨ 'ਚ ਮਿ੍ਤਕਾਂ ਦੀ ਗਿਣਤੀ 3434 ਹੋ ਗਈ ਹੈ। ਚੀਨ 'ਚ ਇਹ ਅੰਕੜਾ ਫਿਲਹਾਲ 3281 ਹੈ। ਹੁਣ ਤਕ ਇਟਲੀ 'ਚ ਸਭ ਤੋਂ ਵੱਧ 6820 ਮੌਤਾਂ ਹੋਈਆਂ ਹਨ ਜਦਕਿ 69176 ਲੋਕ ਇਨਫੈਕਟਡ ਹਨ। ਸਪੇਨ ਦਾ ਇਹ ਹਾਲ ਉਦੋਂ ਹੈ ਜਦੋਂ ਇੱਥੇ ਪਿਛਲੇ 11 ਦਿਨਾਂ ਤੋਂ ਲਾਕਡਾਊਨ ਹੈ। ਦੇਸ਼ 'ਚ ਇਨਫੈਕਸ਼ਨ ਪ੍ਰਭਾਵਿਤਾਂ ਦੀ ਗਿਣਤੀ 47610 ਹੋ ਗਈ ਹੈ। ਪੂਰੀ ਦੁਨੀਆ 'ਚ ਮਿ੍ਤਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਅੰਕੜਾ 19751 'ਤੇ ਪਹੁੰਚ ਗਿਆ ਹੈ। ਇਨਫੈਕਟਡ ਵਿਅਕਤੀਆਂ ਦੀ ਗਿਣਤੀ 440318 ਹੋ ਗਈ ਹੈ।

ਮਹਾਮਾਰੀ ਨਾਲ ਸਭ ਤੋਂ ਵੱਧ ਸਪੇਨ ਦੀ ਰਾਜਧਾਨੀ ਮੈਡਿ੍ਡ ਪ੍ਰਭਾਵਿਤ ਹੈ। ਉੱਥੇ ਇਨਫੈਕਸ਼ਨ ਪ੍ਰਭਾਵਿਤ ਲੋਕਾਂ ਦੀ ਗਿਣਤੀ 14957 ਹੈ। ਇਹ ਕੁਲ ਇਨਫੈਕਟਡ ਵਿਅਕਤੀਆਂ ਦੀ ਗਿਣਤੀ ਦਾ ਇਕ ਤਿਹਾਈ ਹੈ। ਮੈਡਿ੍ਡ 'ਚ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ ਅਜੇ ਤਕ 1,825 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਦੇਸ਼ 'ਚ ਹੋਈਆਂ ਕੁਲ ਮੌਤਾਂ ਦਾ 53 ਫ਼ੀਸਦੀ ਹੈ। ਕੋਰੋਨਾ ਦੇ ਟੈਸਟ 'ਚ ਤੇਜ਼ੀ ਆਉਣ ਤੋਂ ਬਾਅਦ ਇਨਫੈਕਸ਼ਨ ਪ੍ਰਭਾਵਿਤ ਲੋਕਾਂ ਦੀ ਗਿਣਤੀ 'ਚ ਇਕੱਲੇ ਮੰਗਲਵਾਰ ਨੂੰ 20 ਦਾ ਉਛਾਲ ਦੇਖਿਆ ਗਿਆ ਹੈ। ਜਦਕਿ ਇਸੇ ਸਮੇਂ 'ਚ ਮਿ੍ਤਕਾਂ ਦੀ ਗਿਣਤੀ 'ਚ 27 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਐਮਰਜੈਂਸੀ ਕੋਆਰਡੀਨੇਟਰ ਫਰਨਾਡੋ ਸਾਈਮਨ ਨੇ ਕਿਹਾ ਕਿ ਅਸੀਂ ਮਹਾਮਾਰੀ ਨਾਲ ਹੋਣ ਵਾਲੇ ਅਸਰਾਂ ਦੇ ਸਿਖਰ 'ਤੇ ਪਹੁੰਚ ਰਹੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛੇਤੀ ਹੀ ਸਪਸ਼ਟ ਹੋ ਜਾਵੇਗਾ ਕਿ ਲਾਕਡਾਊਨ ਦਾ ਮਹਾਮਾਰੀ ਨਾਲ ਲੜਨ 'ਚ ਕਿੰਨਾ ਫ਼ਾਇਦਾ ਹੋ ਰਿਹਾ ਹੈ। ਰੋਗੀਆਂ ਦੇ ਮੁਕਾਬਲੇ ਸਪੇਨ 'ਚ ਹਸਪਤਾਲਾਂ ਦੀ ਕਮੀ ਵੀ ਦੇਖੀ ਜਾ ਰਹੀ ਹੈ। ਇਸ ਨਾਲ ਨਜਿੱਠਣ ਲਈ ਫ਼ੌਜ ਨੇ ਮੈਡਿ੍ਡ ਐਗਜ਼ੀਬਿਸ਼ਨ ਸੈਂਟਰ 'ਚ ਵੱਡਾ ਫੀਲਡ ਹਸਪਤਾਲ ਬਣਾਇਆ ਹੈ। ਇਸ ਹਸਪਤਾਲ 'ਚ 1500 ਬੈੱਡ ਹਨ, ਜਿਸ ਨੂੰ 5,500 ਬੈੱਡ ਤਕ ਵਧਾਇਆ ਜਾ ਸਕਦਾ ਹੈ।

ਯੂਰਪੀ ਸੰਘ ਦੇ ਅਦਾਰਿਆਂ ਨੇ ਸਪੇਨ ਨਾਲ ਇਕਜੁੱਟਤਾ ਦਿਖਾਈ

ਸਪੇਨ 'ਚ ਮਹਾਮਾਰੀ ਨਾਲ ਨਜਿੱਠਣ ਲਈ ਯੂਰਪੀ ਸੰਘ ਦੇ ਵੱਖ-ਵੱਖ ਅਦਾਰਿਆਂ ਨੇ ਬੁੱਧਵਾਰ ਨੂੰ ਇਕਜੁੱਟਤਾ ਦਿਖਾਈ ਹੈ। ਯੂਰਪੀ ਕਮਿਸ਼ਨ ਦੇ ਮੁਖੀ ਉਰਸੁਲਾ ਵਾਨ ਡਰ ਲੇਅਨ ਨੇ ਆਪਣੇ ਆਧਿਕਾਰਿਕ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸੰਦੇਸ਼ 'ਚ ਕਿਹਾ, 'ਤੁਹਾਡੀ ਮਦਦ ਲਈ ਅਸੀਂ ਅਣਥਕ ਯਤਨ ਕਰ ਰਹੇ ਹਾਂ। ਤੁਸੀਂ ਇਕੱਲੇ ਨਹੀਂ ਹੋ।'

ਯੂਰਪੀ ਸੰਘ ਦੇ ਦੇਸ਼ਾਂ ਵਿਚਕਾਰ ਤਾਲਮੇਲ ਬਣਾਉਣ ਵਾਲੇ ਯੂਰਪੀ ਪ੍ਰਰੀਸ਼ਦ ਦੇ ਮੁਖੀ ਚਾਰਲਸ ਮਿਸ਼ੇਲ ਨੇ ਸਪੇਨ ਨੂੰ ਭੇਜੇ ਇਕ ਪੱਤਰ 'ਚ ਕਿਹਾ, 'ਯੂਰੋਪ ਪੂਰੀ ਇਕਜੁੱਟਤਾ ਨਾਲ ਤੁਹਾਡੇ ਨਾਲ ਖੜ੍ਹਾ ਹੈ। ਅਸੀਂ ਤੁਹਾਡੀ ਮਦਦ ਲਈ ਕੋਈ ਕਸਰ ਨਹੀਂ ਛੱਡਾਂਗੇ।' ਯੂਰਪੀ ਸੰਸਦ ਦੇ ਮੁਖੀ ਡੇਵਿਡ ਸਸੋਲੀ ਨੇ ਸਪੇਨ ਦੇ ਨਾਗਰਿਕਾਂ ਨੂੰ ਕੀਤੇ ਗਏ ਟਵੀਟ 'ਚ ਕਿਹਾ, 'ਤੁਸੀਂ ਜਿਹੋ ਜਿਹੀਆਂ ਸਮੱਸਿਆਵਾਂ ਤੇ ਦਾ ਸਾਹਮਣਾ ਕਰ ਰਹੇ ਹੋ, ਉਨ੍ਹਾਂ ਨਾਲ ਸਾਡੀ ਪੂਰੀ ਹਮਦਰਦੀ ਹੈ।'

ਖਾਲਿਦਾ ਜ਼ਿਆ ਸ਼ਰਤ ਸਮੇਤ ਰਿਹਾ

ਬੰਗਲਾਦੇਸ਼ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਮੁੱਖ ਵਿਰੋਧੀ ਨੇਤਾ ਖ਼ਾਲਿਦਾ ਜ਼ਿਆ ਨੂੰ ਛੇ ਮਹੀਨੇ ਲਈ ਰਿਹਾਅ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੂੰ ਇਸ ਸ਼ਰਤ 'ਤੇ ਰਿਹਾਅ ਕੀਤਾ ਗਿਆ ਹੈ ਕਿ ਉਹ ਦੇਸ਼ 'ਚ ਮਹਾਮਾਰੀ ਦੇ ਕਹਿਰ ਦੌਰਾਨ ਘਰ ਹੀ ਰਹਿਣਗੇ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ 74 ਸਾਲਾ ਹਸੀਨਾ ਨੂੰ ਅੱਠ ਫਰਵਰੀ 2018 ਨੂੰ ਭਿ੍ਸ਼ਟਾਚਾਰ ਦੇ ਦੋ ਮਾਮਲਿਆਂ 'ਚ 17 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਕਾਲੇ ਰੰਗ ਦੀ ਸਾੜੀ 'ਚ ਨਕਾਬ ਪਾਈ ਖਾਲਿਦਾ ਵ੍ਹੀਲਚੇਅਰ 'ਤੇ ਜੇਲ੍ਹ ਤੋਂ ਬਾਹਰ ਆਈ।

ਈਰਾਨ 'ਚ ਮਿ੍ਤਕਾਂ ਦੀ ਗਿਣਤੀ 2077 ਹੋਈ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦੇਸ਼ 'ਚ ਨਵੇਂ ਸਾਲ 'ਤੇ ਹੋਣ ਵਾਲੇ ਸਾਰੇ ਪ੍ਰਰੋਗਰਾਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪਿਛਲੇ 24 ਘੰਟੇ ਉੱਥੇ 143 ਹੋਰ ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ 2077 ਹੋ ਗਈ ਹੈ। ਇਨਫੈਕਸ਼ਨ ਪ੍ਰਭਾਵਿਤ ਲੋਕਾਂ ਦੀ ਗਿਣਤੀ 27, 017 ਹੋ ਗਈ ਹੈ।

ਫਰਾਂਸ 'ਚ 240 ਹੋਰ ਲੋਕਾਂ ਦੀ ਮੌਤ

ਰਾਸ਼ਟਰ ਪੱਧਰੀ ਲਾਕਡਾਊਨ ਦਾ ਦੂਜਾ ਹਫ਼ਤਾ ਸ਼ੁਰੂ ਹੋਣ ਤੋਂ ਬਾਅਦ ਫਰਾਂਸ 'ਚ ਇਕ ਦਿਨ 'ਚ 240 ਹੋਰ ਲੋਕਾਂ ਦੀ ਮੌਤ ਹੋਈ ਹੈ। ਉੱਥੇ ਮਿ੍ਤਕਾਂ ਦੀ ਗਿਣਤੀ 1100 ਹੋ ਗਈ ਹੈ। 2444 ਹੋਰ ਲੋਕ ਇਨਫੈਕਸ਼ਨ ਪ੍ਰਭਾਵਿਤ ਹਨ। ਇਨਫੈਕਸ਼ਨ ਪ੍ਰਭਾਵਿਤ ਲੋਕਾਂ ਦੀ ਗਿਣਤੀ 22300 ਹੋ ਗਈ ਹੈ। ਫਰਾਂਸੀਸੀ ਸਿਹਤ ਵਿਭਾਗ ਨੇ ਡਾਇਰੈਕਟਰ ਜਨਰਲ ਜੇਰੋਮ ਸੋਲੋਮਨ ਨੇ ਕਿਹਾ ਕਿ ਇਨਫੈਕਸ਼ਨ ਪ੍ਰਭਾਵਿਤ ਲੋਕਾਂ 'ਚ 10176 ਲੋਕ ਹਸਪਤਾਲ 'ਚ ਦਾਖ਼ਲ ਹਨ। ਹਸਪਤਾਲ 'ਚ ਦਾਖ਼ਲ 2516 ਲੋਕ ਆਈਸੀਯੂ 'ਚ ਹਨ। ਹੁਣ ਤਕ 3281 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਮਰਨ ਵਾਲਿਆਂ 'ਚ 85 ਫ਼ੀਸਦੀ ਦੀ ਉਮਰ 70 ਸਾਲ ਤੋਂ ਵੱਧ ਸੀ।

ਅਮਰੀਕੀ ਬੇੜੇ ਦੇ ਤਿੰਨ ਜਵਾਨਾਂ ਦਾ ਟੈਸਟ ਪਾਜ਼ੀਟਿਵ

ਅਮਰੀਕੀ ਜੰਗੀ ਬੇੜੇ ਯੂਐੱਸਐੱਸ ਥਿਓਡੋਰ ਰੂਜ਼ਵੈਲਟ 'ਚ ਸਵਾਰ ਤਿੰਨ ਜਵਾਨਾਂ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ਿਵਿਟ ਆਇਆ ਹੈ। ਇਨਫੈਕਸ਼ਨ ਪ੍ਰਭਾਵਿਤ ਜਵਾਨਾਂ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਆਈਸੋਲੇਸ਼ਨ 'ਚ ਭੇਜ ਦਿੱਤਾ ਗਿਆ ਹੈ, ਜਿੱਥੇ-ਜਿੱਥੇ ਇਨ੍ਹਾਂ ਦੇ ਸੰਪਰਕ ਸਨ। ਕਿਸੇ ਅਮਰੀਕੀ ਬੇੜੇ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਬੇੜੇ 'ਚ 5000 ਤੋਂ ਵੱਧ ਜਵਾਨ ਤੇ ਮੁਲਾਜ਼ਮ ਤਾਇਨਾਤ ਹਨ। ਬੇੜੇ ਨੇ 15 ਦਿਨ ਪਹਿਲਾਂ ਵਿਅਤਨਾਮ ਦੀ ਇਕ ਬੰਦਰਗਾਹ 'ਤੇ ਲੰਗਰ ਪਾਇਆ ਸੀ।

ਦੋ ਲੱਖ ਕੋਰੜ ਦੇ ਰਾਹਤ ਪੈਕੇਜ 'ਤੇ ਸੈਨੇਟ ਤੇ ਵ੍ਹਾਈਟ ਹਾਊਸ ਸਹਿਮਤ

ਅਮਰੀਕੀ ਅਰਥਚਾਰੇ ਨੂੰ ਪਟਰੀ 'ਤੇ ਲਿਆਉਣ ਲਈ ਦੋ ਲੱਖ ਕਰੋੜ ਦੇ ਰਾਹਤ ਪੈਕੇਜ 'ਤੇ ਸੈਨੇਟ ਤੇ ਵ੍ਹਾਈਟ ਹਾਊਸ ਸਹਿਮਤ ਹੋ ਗਏ ਹਨ। ਆਖ਼ਰੀ ਮਨਜ਼ੂਰੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜਣ ਤੋਂ ਪਹਿਲਾਂ ਸੈਨੇਟ ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੂੰ ਇਸ ਨੂੰ ਮਨਜ਼ੂਰੀ ਦੇਣੀ ਪਵੇਗੀ। ਟਰੰਪ ਨੇ ਇਕ ਪ੍ਰੈੱਸ ਕਾਨਫਰੰਸ 'ਚ ਅਮਰੀਕੀਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪ੍ਰਕਿਰਿਆ ਅਪਣਾਉਣ ਲਈ ਕਿਹਾ।

ਨੇਪਾਲ 'ਚ ਕੋਰੋਨਾ ਵਾਇਰਸ ਦਾ ਤੀਜਾ ਮਰੀਜ਼ ਸਾਹਮਣੇ ਆਇਆ।

ਨਿਊਜ਼ੀਲੈਂਡ 'ਚ ਐਮਰਜੈਂਸੀ ਲਾਗੂ ਕੀਤੀ ਗਈ।

Posted By: Rajnish Kaur