ਦੁਬਈ (ਏਜੰਸੀਆਂ) : ਅਮਰੀਕੀ ਨੇਵੀ ਨੇ ਅਰਬ ਸਾਗਰ 'ਚ ਯਮਨ ਬਾਗ਼ੀਆਂ ਲਈ ਅਤਿ-ਆਧੁਨਿਕ ਹਥਿਆਰ ਲੈ ਕੇ ਜਾ ਰਹੇ ਇਕ ਜਹਾਜ਼ ਨੂੰ ਫੜ ਲਿਆ ਹੈ। ਇਸ 'ਚ ਚੀਨ ਅਤੇ ਰੂਸ 'ਚ ਬਣੀਆਂ ਅਤਿ-ਆਧੁਨਿਕ ਮਿਜ਼ਾਈਲਾਂ ਦੇ ਨਾਲ ਹਜ਼ਾਰਾਂ ਕਲਾਸ਼ਨਿਕੋਵ ਰਾਈਫਲਾਂ ਵੀ ਹਨ।

ਅਮਰੀਕਾ ਦੀ ਨੇਵੀ ਦਾ ਪੰਜਵਾਂ ਬੇੜਾ ਬਹਰੀਨ 'ਚ ਤਾਇਨਾਤ ਹੈ। ਇਸ ਦੇ ਜੰਗੀ ਬੇੜੇ ਮੋਂਟੇਰੀ ਨੇ ਨਿਗਰਾਨੀ ਦੌਰਾਨ ਅਰਬ ਸਾਗਰ ਤੋਂ ਇਕ ਜਹਾਜ਼ ਨੂੰ ਫੜਿਆ ਹੈ। ਨੇਵੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਜਹਾਜ਼ 'ਚ ਦਰਜਨਾਂ ਰੂਸੀ ਐਂਟੀ ਟੈਂਕ ਮਿਜ਼ਾਈਲ, ਚੀਨ 'ਚ ਬਣੀਆਂ ਹਜ਼ਾਰਾਂ 56 ਟਾਈਪ ਰਾਈਫਲਾਂ, ਪੀਕੇਐੱਮ ਮਸ਼ੀਨ ਗੰਨ, ਸਨਾਈਪਰ ਰਾਈਫਲਾਂ ਅਤੇ ਗ੍ਰੇਨੇਡ ਲਾਂਚਰ ਮਿਲੇ ਹਨ। ਬੁਲਾਰੇ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਹਾਜ਼ ਕਿੱਥੋਂ ਆ ਰਿਹਾ ਸੀ ਅਤੇ ਉਸ ਨੇ ਕਿੱਥੇ ਹਥਿਆਰ ਪਹੁੰਚਾਉਣੇ ਸਨ। ਫਿਲਹਾਲ ਇਹ ਹਥਿਆਰ ਅਮਰੀਕੀ ਨੇਵੀ ਦੇ ਕਬਜ਼ੇ 'ਚ ਹਨ।

ਮੰਨਿਆ ਜਾ ਰਿਹਾ ਹੈ ਕਿ ਰੂਸ ਅਤੇ ਚੀਨ 'ਚ ਬਣੇ ਇਹ ਹਥਿਆਰ ਯਮਨ 'ਚ ਬਾਗ਼ੀਆਂ ਨੂੰ ਭੇਜੇ ਜਾ ਰਹੇ ਸਨ। ਯਮਨ ਬਾਗ਼ੀਆਂ ਦਾ ਸਾਊਦੀ ਅਰਬ ਦੀ ਅਗਵਾਈ 'ਚ ਗੱਠਜੋੜ ਨੇਤਾ ਨਾਲ ਸੰਘਰਸ਼ ਚੱਲ ਰਿਹਾ ਹੈ।